ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਤਿੰਨ ਮੋਬਾਈਲ ਐਪਸ ਜਾਰੀ ਕੀਤੀਆਂ ਹਨ, ਜੋ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਸਾੜੇ ਜਾਣ ਦਾ ਪਤਾ ਲਾਉਣਗੀਆਂ ਤੇ ਨਾਲ ਹੀ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਵੀ ਕਰਵਾਉਣਗੀਆਂ। ਇਨ੍ਹਾਂ ਵਿੱਚੋਂ ਇੱਕ ਐਪ ਅਜਿਹੀ ਹੈ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਨੇੜੇ-ਤੇੜੇ ਪਰਾਲ਼ੀ ਦਾ ਨਿਬੇੜੇ ਕਰਨ ਵਾਲੇ ਖੇਤੀ ਸੰਦਾਂ ਦੀ ਉਪਲਬਧਤਾ ਦਰਸਾਏਗੀ।
ਇਹ ਐਪਸ ਐਂਡ੍ਰੌਇਡ ਪਲੇਟਫਾਰਮ 'ਤੇ ਹੀ ਉਪਲਬਧ ਹੈ, ਜਿਸ ਨੂੰ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨੇ ਵਿਕਸਤ ਕੀਤਾ ਹੈ। ਆਈ-ਖੇਤ ਮਸ਼ੀਨ ਨਾਂ ਦੀ ਐਪ ਕਿਸਾਨਾਂ ਨੂੰ ਉਨ੍ਹਾਂ ਦੇ ਨੇੜੇ ਪਰਾਲ਼ੀ ਦੇ ਨਿਬੇੜੇ ਲਈ ਖੇਤੀ ਸੰਦ ਬਾਰੇ ਦੱਸੇਗੀ। ਇਸ ਤੋਂ ਇਲਾਵਾ ਈ-ਪਹਿਲ ਨਾਂ ਦੀ ਐਪ ਰੁੱਖ ਲਾਉਣ ਬਾਰੇ ਦੱਸੇਗੀ ਤੇ ਈ-ਪ੍ਰੀਵੈਂਟ ਨਾਂਅ ਦੀ ਐਪ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਬਾਰੇ ਦੱਸੇਗੀ।
ਹਾਲਾਂਕਿ, ਇਹ ਐਪਲੀਕੇਸ਼ਨਜ਼ ਤਾਂ ਲੌਂਚ ਕਰ ਦਿੱਤੀਆਂ ਗਈਆਂ ਹਨ, ਪਰ ਇਸ ਨੂੰ ਹਾਲੇ ਪਲੇਅ ਸਟੋਰ 'ਤੇ ਲੱਭਿਆ ਨਹੀਂ ਜਾ ਰਿਹਾ ਪਰ ਪੀਆਰਐਸਸੀ ਦੀ ਵੈੱਬਸਾਈਟ 'ਤੇ ਇਹ ਤਿੰਨੇ ਐਪਸ ਮੌਜੂਦ ਹਨ।
ਪੀਆਰਐਸਸੀ ਦੀ ਦੇ ਚੇਅਰਮੈਨ ਤੇ ਵਧੀਕ ਚੀਫ਼ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬੇ ਵਿੱਚ 65 ਲੱਖ ਏਕੜ ਰਕਬੇ ਹੇਠ ਝੋਨੇ ਦੀ ਕਾਸ਼ਤ ਕੀਤੀ ਗਈ ਹੈ, ਜਿਸ ਵਿੱਚੋਂ 20 ਮਿਲੀਅਨ ਟਨ ਪਰਾਲ਼ੀ ਬਚਣ ਦੀ ਸੰਭਾਵਨਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤਕ ਤਕਰੀਬਨ ਪੰਜ ਮਿਲੀਅਨ ਟਨ ਪਰਾਲ਼ੀ ਦਾ ਹੀ ਨਿਪਟਾਰਾ ਹੋ ਪਾਉਂਦਾ ਹੈ, ਜਦਕਿ ਝੋਨੇ ਦੀ 15 ਮਿਲੀਅਨ ਟਨ ਰਹਿੰਦ ਖੂਹੰਦ ਖੇਤ ਛੇਤੀ ਵਿਹਲੇ ਕਰਨ ਲਈ ਸਾੜ ਦਿੱਤੀ ਜਾਂਦੀ ਹੈ।