Wheat Rate : ਪਿਛਲੇ ਸਾਲ ਘੱਟ ਉਤਪਾਦਨ ਤੇ ਰੂਸ-ਯੂਕਰੇਨ ਕਾਰਨ ਮੰਗ ਵਧਣ ਪਿੱਛੋਂ ਦੇਸ਼ ਵਿੱਚ ਕਣਕ ਦੀ ਕੀਮਤ (Wheat Price) ਲਗਾਤਾਰ ਵਧ ਰਹੀ ਹੈ। ਇੱਕ ਸਾਲ ਵਿਚ ਕਣਕ ਦੇ ਰੇਟ ਵਿੱਚ 16 ਫੀਸਦੀ ਦਾ ਵਾਧਾ ਹੋਇਆ ਹੈ ਤੇ ਹੁਣ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕੀਮਤ 3000 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈ ਹੈ।
ਪੂਰਬੀ ਭਾਰਤ ਦੀਆਂ ਮੰਡੀਆਂ ਵਿੱਚ ਤਾਂ ਕਣਕ ਵਿਕਣ ਲਈ ਆ ਹੀ ਨਹੀਂ ਰਹੀ ਹੈ। ਦੇਸ਼ ਭਰ 'ਚ ਹੁਣ ਕਣਕ ਘੱਟੋ-ਘੱਟ ਸਮਰਥਨ ਮੁੱਲ (Wheat MSP) ਤੋਂ ਉੱਪਰ ਵਿਕ ਰਹੀ ਹੈ। ਕਣਕ ਮਹਿੰਗੀ ਹੋਣ ਕਾਰਨ ਕਣਕ ਦੇ ਆਟੇ ਦੇ ਰੇਟ ਵੀ ਵਧ ਗਏ ਹਨ। ਪਿਛਲੇ ਇੱਕ ਸਾਲ ਵਿੱਚ ਆਟੇ ਦੀ ਕੀਮਤ ਵਿੱਚ 19 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ 35 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।
ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਦਿੱਲੀ 'ਚ ਕਣਕ ਦੀ ਕੀਮਤ (Wheat Rate Delhi) 3,044.50 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਕਣਕ ਦੀ ਕੀਮਤ 3000 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈ ਹੈ।
ਸਪਲਾਈ ਨਾ ਹੋਣ ਕਾਰਨ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਸਰਕਾਰ ਵੱਲੋਂ ਓਪਨ ਮਾਰਕੀਟ ਸੇਲ ਸਕੀਮ (OMSS) ਰਾਹੀਂ ਕਣਕ ਦੀ ਵਿਕਰੀ 'ਤੇ ਸਥਿਤੀ ਸਪੱਸ਼ਟ ਨਾ ਕੀਤੇ ਜਾਣ ਕਾਰਨ ਵੀ ਕਣਕ ਦੀਆਂ ਕੀਮਤਾਂ ਵਧ ਰਹੀਆਂ ਹਨ। ਦੱਸ ਦਈਏ ਕਿ 2023 ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2,125 ਰੁਪਏ ਪ੍ਰਤੀ ਕੁਇੰਟਲ ਹੈ।
ਜੇਕਰ 16 ਜਨਵਰੀ 2023 ਦੀਆਂ ਮੰਡੀਆਂ 'ਚ ਕਣਕ ਦੇ ਭਾਅ 'ਤੇ ਨਜ਼ਰ ਮਾਰੀਏ ਤਾਂ ਇੰਦੌਰ 'ਚ 2800 ਰੁਪਏ ਪ੍ਰਤੀ ਕੁਇੰਟਲ, ਕਾਨਪੁਰ ਦੀ ਮੰਡੀ 'ਚ 3000 ਰੁਪਏ ਪ੍ਰਤੀ ਕੁਇੰਟਲ, ਦਿੱਲੀ ਮੰਡੀ 'ਚ 3044.50 ਰੁਪਏ ਪ੍ਰਤੀ ਕੁਇੰਟਲ ਅਤੇ ਕੋਟਾ ਮੰਡੀ 'ਚ 2685 ਰੁਪਏ ਪ੍ਰਤੀ ਕੁਇੰਟਲ ਕਣਕ ਵਿਕ ਗਈ।
ਕਣਕ ਦੇ ਭਾਅ ਵਧਣ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਖੁੱਲ੍ਹੀ ਮੰਡੀ ਵਿੱਚੋਂ ਕਣਕ ਦੀ ਸਪਲਾਈ ਨਹੀਂ ਹੋ ਰਹੀ ਹੈ। ਪੂਰਬੀ ਭਾਰਤ ਦੀਆਂ ਮੰਡੀਆਂ ਵਿੱਚੋਂ ਕਣਕ ਗਾਇਬ ਹੈ। ਉੱਤਰ ਪ੍ਰਦੇਸ਼ ਦੀਆਂ ਮੰਡੀਆਂ ਵਿੱਚ ਕਣਕ ਦਾ ਭੰਡਾਰ ਬਹੁਤ ਘੱਟ ਹੈ।
ਯੂਪੀ ਦੀਆਂ ਮੰਡੀਆਂ ਵਿੱਚ ਗੁਜਰਾਤ ਤੋਂ ਕਣਕ ਆ ਰਹੀ ਹੈ। ਹਰਿਆਣਾ ਅਤੇ ਪੰਜਾਬ ਵਿੱਚ ਵੀ ਸਟਾਕਿਸਟਾਂ ਅਤੇ ਕਿਸਾਨਾਂ ਕੋਲ ਬਹੁਤੀ ਕਣਕ ਨਹੀਂ ਹੈ। ਜਿਨ੍ਹਾਂ ਕੋਲ ਹੈ, ਉਹ ਕੀਮਤ ਵਧਣ ਕਾਰਨ ਇਸ ਨੂੰ ਫਿਲਹਾਲ ਨਹੀਂ ਵੇਚ ਰਹੇ ਹਨ। ਅਜਿਹੇ 'ਚ ਮੰਗ ਵਧਣ ਕਾਰਨ ਸਪਲਾਈ ਘੱਟ ਹੋਣ ਕਾਰਨ ਕਣਕ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਹੁਣ ਆਟਾ ਮਿੱਲਾਂ ਨੂੰ ਵੀ ਕਣਕ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।