ਚੰਡੀਗੜ੍ਹ: ਸਿਆਸੀ ਲਾਹੇ ਲਈ ਕਿਸਾਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਇਹ ਖੁਲਾਸਾ ਸਿਆਸੀ ਲੀਡਰਾਂ ਨੇ ਖੁਦ ਹੀ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਵਿੱਚੋਂ 4 ਲੱਖ ਬੋਰੀਆਂ (16000 ਗੱਠਾਂ) ਹਰਿਆਣਾ ਭੇਜੀਆਂ ਹਨ। ਇਸ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨ ਰੁਲ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਿਆਸੀ ਫ਼ਾਇਦਿਆਂ ਲਈ ਪੰਜਾਬ ਦੇ ਗਰੀਬ ਕਿਸਾਨਾਂ ਨੂੰ ਸਜ਼ਾ ਦਿੱਤੀ ਹੈ।

ਦਰਅਸਲ ਹਰਿਆਣਾ ਵਿੱਚ ਲੋਕ ਸਭਾ ਚੋਣਾਂ 12 ਮਈ ਤੇ ਪੰਜਾਬ ਵਿੱਚ 19 ਮਈ ਨੂੰ ਹੋਣੀਆਂ ਹਨ। ਦੋਵਾਂ ਸੂਬਿਆਂ ਵਿੱਚ ਕਣਕ ਦੀ ਰਿਕਾਰਡ ਪੈਦਾਵਾਰ ਹੋਈ ਹੈ। ਇਸ ਲਈ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਮੱਸਿਆ ਆ ਰਹੀ ਹੈ। ਚਰਚਾ ਹੈ ਕਿ ਹਰਿਆਣਾ ਵਿੱਚ ਪਹਿਲਾਂ ਚੋਣਾਂ ਹੋਣ ਕਰਕੇ ਪੰਜਾਬ ਦੇ ਕੋਟੇ ਦਾ ਬਾਰਦਾਨਾ ਗੁਆਂਢੀ ਸੂਬੇ ਵਿੱਚ ਭੇਜਿਆ ਗਿਆ ਹੈ। ਇਸ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਰੁਕ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਕਾਲੀਆਂ ਦੇ ਕਥਿਤ ਇਸ਼ਾਰੇ ’ਤੇ ਪੰਜਾਬ ਵਿੱਚ ਬਾਰਦਾਨੇ ਦੀ ਘਾਟ ਪੈਦਾ ਕਰ ਰਹੀ ਹੈ। ਬੀਜੇਪੀ ਤੇ ਅਕਾਲੀ ਦਲ ਦੀ ਸਾਜਿਸ਼ ਹੈ ਕਿ ਖਰੀਦ ਪ੍ਰਕਿਰਿਆ ਵਿੱਚ ਅੜਿੱਕੇ ਡਾਹ ਕੇ ਚੋਣਾਂ ਦੌਰਾਨ ਸੂਬੇ ਵਿੱਚ ਕਾਂਗਰਸ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਬੰਪਰ ਪੈਦਾਵਾਰ ਹੋਈ ਹੈ ਪਰ ਸੂਬੇ ਨੂੰ ਬਾਰਦਾਨੇ ਤੋਂ ਵਾਂਝਾ ਰੱਖਿਆ ਜਾ ਰਿਹਾ।

ਉਧਰ, 'ਆਪ' ਨੇ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਹੀ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਬਰਾਬਰ ਦੀ ਜ਼ਿੰਮੇਵਾਰ ਦੱਸਿਆ ਹੈ। 'ਆਪ' ਨੇ ਕਿਹਾ ਕਿ ਪੰਜਾਬ ਤੇ ਪੰਜਾਬ ਦੇ ਕਿਸਾਨ ਕੈਪਟਨ ਤੇ ਮੋਦੀ ਸਰਕਾਰ ਦੇ ਏਜੰਡੇ 'ਤੇ ਹੀ ਨਹੀਂ ਹਨ। ਕੇਂਦਰ ਨੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਕੀਤਾ ਹੈ। ਪੰਜਾਬ ਦਾ ਬਾਰਦਾਨਾ ਹਰਿਆਣਾ ਨੂੰ ਭੇਜਣਾ ਵੀ ਇਸੇ ਵਿਤਕਰੇਬਾਜ਼ੀ ਦਾ ਹਿੱਸਾ ਹੈ।