ਚੰਡੀਗੜ੍ਹ: ਗੰਨੇ ਦੇ ਬਕਾਏ ਤੇ ਭਾਅ ਵਧਾਉਣ ਬਾਰੇ ਅੱਜ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਅੱਜ ਕਿਸਾਨਾਂ ਲਈ ਅਹਿਮ ਐਲਾਨ ਕਰ ਸਕਦੇ ਹਨ ਕਿਉਂਕਿ ਖੇਤੀਬਾੜੀ ਮਾਹਿਰ ਕਿਸਾਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਗਏ ਹਨ ਕਿ ਗੰਨੇ ਦੀ ਲਾਗਤ ਪ੍ਰਤੀ ਕੁਇੰਟਲ 470 ਰੁਪਏ ਦੇ ਕਰੀਬ ਆਉਂਦੀ ਹੈ। ਸਰਕਾਰ ਦੇ ਕਹਿਣ 'ਤੇ ਖੇਤੀਬਾੜੀ ਮਾਹਿਰ ਨੇ ਸੋਮਵਾਰ ਨੂੰ ਜਲੰਧਰ ਵਿੱਚ ਕਿਸਾਨ ਲੀਡਰਾਂ ਨਾਲ ਮੀਟਿੰਗ ਕੀਤੀ ਸੀ।



ਜਲੰਧਰ ਦੇ ਡੀਸੀ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਸੋਮਵਾਰ ਨੂੰ ਖੇਤੀ ਮਾਹਿਰਾਂ ਤੇ ਕਿਸਾਨ ਲੀਡਰਾਂ ਵਿਚਾਲੇ ਢਾਈ ਤੋਂ ਤਿੰਨ ਘੰਟੇ ਤੱਕ ਚੱਲੀ ਗੱਲਬਾਤ ਦੌਰਾਨ ਕਈ ਵਾਰ ਤਿੱਖੀ ਨੋਕ-ਝੋਕ ਵੀ ਹੋਈ। ਖੇਤੀਬਾੜੀ ਮਾਹਿਰ ਗੰਨੇ ਦੀ ਲਾਗਤ 345 ਰੁਪਏ ਪ੍ਰਤੀ ਕੁਇੰਟਲ ਦੱਸ ਰਹੇ ਸਨ, ਜਦਕਿ ਕਿਸਾਨ 470 ਰੁਪਏ ਦੱਸ ਰਹੇ ਸਨ। ਆਖਰ ਖੇਤੀ ਮਾਹਿਰ ਕਿਸਾਨਾਂ ਦੀ ਦਲੀਲਾਂ ਨਾਲ ਸਹਿਮਤ ਹੋ ਗਏ। ਉਂਝ ਇਸ ਦੌਰਾਨ ਗੰਨੇ ਦੇ ਭਾਅ ’ਤੇ ਕੋਈ ਸਹਿਮਤੀ ਨਹੀਂ ਹੋ ਸਕੀ, ਜਿਸ ਬਾਰੇ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਿਸਾਨ ਆਗੂਆਂ ’ਚ ਅੱਜ ਚੰਡੀਗੜ੍ਹ ’ਚ 3.00 ਵਜੇ ਹੋਣ ਵਾਲੀ ਮੀਟਿੰਗ ਵਿੱਚ ਹੋਣ ਦੀ ਸੰਭਾਵਨਾ ਹੈ।

ਕਿਸਾਨ ਲੀਡਰ ਮਨਜੀਤ ਸਿੰਘ ਰਾਏ ਤੇ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 24 ਅਗਸਤ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਬਾਰੇ ਫ਼ੈਸਲਾ ਮੁੱਖ ਮੰਤਰੀ ਨਾਲ ਮੀਟਿੰਗ ਹੋਣ ਮਗਰੋਂ ਲਿਆ ਜਾਵੇਗਾ। ਆਗੂਆਂ ਨੇ ਸਪੱਸ਼ਟ ਕੀਤਾ ਕਿ ਕੌਮੀ ਮਾਰਗ ਤੇ ਰੇਲ ਮਾਰਗ ਪਹਿਲਾਂ ਵਾਂਗ ਹੀ ਜਾਮ ਰਹਿਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨਾਲ ਜੇਕਰ ਗੱਲ ਕਿਸੇ ਤਣ-ਪੱਤਣ ਨਾ ਲੱਗੀ ਤਾਂ ਚੰਡੀਗੜ੍ਹ ਵਿੱਚ ਹੀ ਕਿਸਾਨ ਜਥੇਬੰਦੀਆਂ ਅਗਲੇ ਸੰਘਰਸ਼ ਦੀ ਰਣਨੀਤੀ ਬਣਾ ਕੇ ਉਸ ਦਾ ਐਲਾਨ ਕਰ ਦੇਣਗੀਆਂ।