ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਕੰਪਨੀ ‘ਸਪੇਸ ਐਕਸ’ ਨੂੰ ਭਾਰੀ ਨੁਕਸਾਨ ਹੋਇਆ ਹੈ। ਦਰਅਸਲ, ਉਸ ਦਾ ਨਵਾਂ ਤੇ ਸਭ ਤੋਂ ਵੱਡਾ ਰਾਕੇਟ ਆਪਣੀ ਤੀਜੀ ਕੋਸ਼ਿਸ਼ ਵਿੱਚ ਲੈਂਡ ਕਰ ਗਿਆ ਪਰ ਧਰਤੀ ਉੱਤੇ ਉੱਤਰਨ ਦੇ ਕੁਝ ਹੀ ਚਿਰ ਪਿੱਛੋਂ ਉਸ ਵਿੱਚ ਜ਼ੋਰਦਾਰ ਧਮਾਕਾ ਹੋਇਆ ਤੇ ਇੰਝ ਕੰਪਨੀ ਦੇ ‘ਮੰਗਲ ਮਿਸ਼ਨ’ ਨੂੰ ਵੱਡਾ ਝਟਕਾ ਲੱਗਾ ਹੈ।

 

ਬੁੱਧਵਾਰ ਨੂੰ ਅਮਰੀਕੀ ਸੂਬੇ ਟੈਕਸਾਸ ’ਚ ‘ਸਪੇਸ ਐਕਸ’ ਦੇ ਬੋਕਾ ਚਿਕਾ ਤੋਂ ਰਾਕੇਟ ਨੇ ਉਡਾਣ ਭਰੀ ਸੀ। ਉਹ ਧਰਤੀ ਤੋਂ 10 ਕਿਲੋਮੀਟਰ ਦੀ ਉਚਾਈ ਤੱਕ ਗਿਆ ਪਰ ਉਸ ਤੋਂ ਬਾਅਦ ਉਸ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੇ ਅਸਲ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

 

ਐਲਨ ਮਸਕ ਨੇ ਵੀ ਟਵੀਟ ਰਾਹੀਂ ਰਾਕੇਟ ਦੇ ਬਿਨਾ ਨਸ਼ਟ ਹੋਇਆਂ ਲੈਂਡ ਕਰਨ ’ਤੇ ਖ਼ੁਸ਼ੀ ਪ੍ਰਗਟਾਈ ਸੀ। ਉਨ੍ਹਾਂ ਲਿਖਿਆ ਸੀ-ਸਾਡੀ ਟੀਮ ਸ਼ਾਨਦਾਰ ਕੰਮ ਕਰ ਰਹੀ ਹੈ।

 


 

ਪਿੱਛੇ ਜਿਹੇ ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ‘ਸਪੇਸ ਐਕਸ’ ਨੇ ਪੁਲਾੜ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ। ਉਸ ਨੇ ਪੁਲਾੜ ’ਚ ਇੱਕੋ ਵਾਰੀ ਵਿੱਚ ਸਭ ਤੋਂ ਵੱਧ 143 ਸੈਟੇਲਾਈਟ ਭੇਜੇ ਸਨ। ਇਹ ਸੈਟੇਲਾਇਟ ਅਮਰੀਕੀ ਸੂਬੇ ਫ਼ਲੋਰਿਡਾ ਦੇ ਫ਼ਾਕਨ ਨਾਈਨ ਰਾਕੇਟ ਰਾਹੀਂ ਪੁਲਾੜ ’ਚ ਭੇਜੇ ਗਏ ਸਨ; ਜਿਨ੍ਹਾਂ ਜ਼ਿਆਦਾਤਰ ਸੈਟੇਲਾਇਟ ਕਮਰਸ਼ੀਅਲ ਸਨ ਤੇ ਕੁਝ ਸਰਕਾਰੀ।

 

ਐਲਨ ਮਸਕ ਪਹਿਲਾਂ ਇਹ ਵੀ ਆਖ ਚੁੱਕੇ ਹਨ ਕਿ ਬਹੁਤ ਸਾਰੇ ਗਾਹਕਾਂ ਲਈ ਕਈ ਸੈਟੇਲਾਇਟ ਲਾਂਚ ਕੀਤੇ ਜਾਣਗੇ। ਛੋਟੀਆਂ ਕੰਪਨੀਆਂ ਨੁੰ ਘੱਟ ਕੀਮਤ ਉੱਤੇ ਗ੍ਰਹਿ ਪੰਧ ਵਿੱਚ ਪਹੁੰਚਾਇਆ ਜਾਵੇਗਾ।