ਨਵੀਂ ਦਿੱਲੀ: ਰਾਜਨੀਤਕ, ਪੱਤਰਕਾਰਾਂ ਤੇ ਹੋਰਾਂ ਦੇ ਫੋਨ ਟੈਪ ਕਰਨ ਤੇ ਜਾਸੂਸੀ ਕਰਨ ਦੇ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਜਾਰੀ ਹੈ। ਕਾਂਗਰਸ ਨੇ ਇਸ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ ਦੀ ਜਾਂਚ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਹੈ। ਫੋਨ ਜਾਸੂਸੀ ਘੁਟਾਲੇ ਨੂੰ ਲੈ ਕੇ ਸੰਸਦੀ ਸਥਾਈ ਕਮੇਟੀ ਵਿੱਚ ਗਰਮ ਬਹਿਸ ਹੋਣ ਦੀ ਸੰਭਾਵਨਾ ਹੈ।
ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਜੁੜੀ ਸਟੈਂਡਿੰਗ ਕਮੇਟੀ ਦੀ ਬੈਠਕ 28 ਜੁਲਾਈ ਨੂੰ ਸੱਦੀ ਹੈ। ਮੀਟਿੰਗ ਵਿੱਚ ਸੂਚਨਾ ਤਕਨਾਲੋਜੀ, ਗ੍ਰਹਿ ਤੇ ਸੰਚਾਰ ਮੰਤਰਾਲੇ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਬੈਠਕ ਦਾ ਏਜੰਡਾ ‘ਨਾਗਰਿਕਾਂ ਦੇ ਡੇਟਾ ਪ੍ਰੋਟੈਕਸ਼ਨ ਤੇ ਨਿੱਜਤਾ’ ਰੱਖਿਆ ਹੈ। ਕਮੇਟੀ ਦੇ ਨੇੜਲੇ ਸੂਤਰਾਂ ਦੇ ਅਨੁਸਾਰ, ਬੈਠਕ ਵਿੱਚ ਇਜ਼ਰਾਈਲ ਦੇ ਸਾਫਟਵੇਅਰ ਪੈਗਾਸਸ ਦੀ ਵਰਤੋਂ ਨਾਲ ਕਰਵਾਏ ਗਏ ਫੋਨ ਜਾਸੂਸੀ ਘੁਟਾਲੇ ਸਬੰਧੀ ਪ੍ਰਸ਼ਨਾਂ ਦੇ ਜਵਾਬ ਦਿੱਤੇ ਜਾਣਗੇ।
ਇਸ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਦੋ ਦਿਨ ਪਹਿਲਾਂ ਆਪਣੇ ਵੱਖੋ ਵੱਖਰੇ ਬਿਆਨਾਂ ਤੇ ਟਵੀਟਾਂ ਰਾਹੀਂ ਸਰਕਾਰ ਨੂੰ ਇਸ ਜਾਸੂਸੀ ਘੁਟਾਲੇ ਬਾਰੇ ਕਈ ਸਵਾਲ ਪੁੱਛੇ ਹਨ। ਥਰੂਰ ਨੇ ਕਿਹਾ ਕਿ ਜੇ ਸਰਕਾਰ ਕਹਿੰਦੀ ਹੈ ਕਿ ਉਸ ਨੇ ਜਾਸੂਸੀ ਨਹੀਂ ਕੀਤੀ ਤਾਂ ਇਹ ਜਾਣਨਾ ਇੱਕ ਸੁਤੰਤਰ ਜਾਂਚ ਬਹੁਤ ਮਹੱਤਵਪੂਰਨ ਹੈ ਕਿ ਇਹ ਜਾਸੂਸੀ ਕਿਸਨੇ ਕੀਤੀ। ਥਰੂਰ ਨੇ ਕਿਹਾ ਕਿ ਪੈੱਗਸਸ ਬਣਾਉਣ ਵਾਲੀ ਕੰਪਨੀ ਕਹਿੰਦੀ ਹੈ ਕਿ ਉਹ ਆਪਣਾ ਸਾਫਟਵੇਅਰ ਸਿਰਫ ਸਰਕਾਰਾਂ ਨੂੰ ਵੇਚਦੀ ਹੈ।
ਇਸ ਤੋਂ ਪਹਿਲਾਂ ਵੀ ਉਕਤ ਸੰਸਦੀ ਕਮੇਟੀ ਨੇ ਇਜ਼ਰਾਈਲ ਦੇ ਸਾਫਟਵੇਅਰ ਬਾਰੇ ਸਰਕਾਰ ਨੂੰ ਸਵਾਲ ਪੁੱਛੇ ਸਨ। ਵਟਸਐਪ ਡੇਟਾ ਦੇ ਲੀਕ ਦਾ ਖੁਲਾਸਾ ਸਾਲ 2019 ਵਿੱਚ ਹੋਇਆ ਸੀ ਤੇ ਉਸ ਸਮੇਂ ਵੀ ਕਮੇਟੀ ਨੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ।