ਚੰਡੀਗੜ੍ਹ: ਅੱਜ ਸਵੇਰੇ ਚਰਨਜੀਤ ਚੰਨੀ ਨੇ ਜਿੱਥੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ; ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੂੰ ਸੂਬੇ ਦੇ ਦੋ ਉੱਪ ਮੁੱਖ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਕੱਲ੍ਹ ਕਾਂਗਰਸ ਪਾਰਟੀ ਨੇ ਬਾਕਾਇਦਾ ਐਲਾਨ ਕੀਤਾ ਸੀ ਦੋ ਉੱਪ ਮੁੱਖ ਮੰਤਰੀ ਵੀ ਬਣਾਏ ਜਾਣਗੇ ਤੇ ਤਦ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਡਿਪਟੀ CM ਬਣਾਉਣ ਦੀ ਗੱਲ ਆਖੀ ਗਈ ਸੀ ਪਰ ਅੱਜ ਬ੍ਰਹਮ ਮਹਿੰਦਰਾ ਦਾ ਨਾਂ ਇਸ ਦੌੜ ਵਿੱਚੋਂ ਕੱਢ ਦਿੱਤਾ ਗਿਆ।



ਸੂਤਰਾਂ ਮੁਤਾਬਕ ਬ੍ਰਹਮ ਮਹਿੰਦਰਾ ਦਾ ਨਾਂ ਕਟਵਾ ਕੇ ਉਸ ਦੀ ਥਾਂ ਓਪੀ ਸੋਨੀ ਦਾ ਨਾਂ ਸ਼ਾਮਲ ਕਰਵਾਉਣ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਹੀ ਦਿਮਾਗ਼ ਤੇ ਯੋਜਨਾਬੰਦੀ ਹੈ। ਸੁਖਜਿੰਦਰ ਰੰਧਾਵਾ ਜਿੱਥੇ ਪੰਜਾਬ ਦੇ ਬਹੁਚਰਚਿਤ ਜੱਟ ਸਿੱਖ ਆਗੂ ਹਨ, ਉੱਥੇ ਓਪੀ ਸੋਨੀ ਤੋਂ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਕਰਵਾਈ ਗਈ ਹੈ। ਇਹ ਦੋਵੇਂ ਹੀ ਡਿਪਟੀ CM ਮਾਝਾ ਖ਼ਿੱਤੇ ਨਾਲ ਸਬੰਧਤ ਹਨ।

ਦਰਅਸਲ, ਬ੍ਰਹਮ ਮਹਿੰਦਰਾ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਧ ਨੇੜੇ ਰਹੇ ਹਨ। ਉਂਝ ਤਾ ਓਪੀ ਸੋਨੀ ਵੀ ਸਦਾ ਕੈਪਟਨ ਦੇ ਨਾਲ ਹੀ ਡਟਦੇ ਰਹੇ ਹਨ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧ ਨੂੰ ਸਿਰਫ਼ ਉੱਪ ਮੁੱਖ ਮੰਤਰੀਆਂ ਨੂੰ ਨਿਯੁਕਤ ਕਰਵਾਉਣ ’ਚ ਹੀ ਮੁੱਖ ਭੂਮਿਕਾ ਨਹੀਂ ਨਿਭਾਈ; ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਚੰਨੀ ਵੀ ਉਨ੍ਹਾਂ ਦੇ ਕਹਿਣ ’ਤੇ ਹੀ ਚੁਣੇ ਗਏ ਹਨ।

ਕੱਲ੍ਹ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਫ਼ੈਸਲਾ ਹੋ ਰਿਹਾ ਸੀ, ਤਦ ਪਹਿਲਾ ਸੁਖਜਿੰਦਰ ਰੰਧਾਵਾ ਦਾ ਨਾਂ ਚੱਲਦਾ ਰਿਹਾ ਪਰ ਤਦ ਨਵਜੋਤ ਸਿੱਧੂ ਨਾਰਾਜ਼ ਹੋ ਕੇ ਪਾਰਟੀ ਦੀ ਮੀਟਿੰਗ ਅਧਵਾਟੇ ਛੱਡ ਕੇ ਹੀ ਚਲੇ ਗਏ ਸਨ। ਉਸ ਤੋਂ ਬਾਅਦ ਮਨਾਉਣ ’ਤੇ ਸਿੱਧੂ ਵਾਪਸ ਆ ਗਏ ਤੇ ਮੰਗ ਰੱਖ ਦਿੱਤੀ ਕਿ ਕਿਸੇ ਦਲਿਤ ਨੇਤਾ ਨੂੰ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ; ਤਦ ਪਾਰਟੀ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਉੱਤੇ ਆਪਣੀ ਅੰਤਿਮ ਮੋਹਰ ਲਾਈ ਸੀ।