Punjab News: ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਕਿਹਾ ਹੈ ਕਿ ਸਾਡੀ ਸਰਕਾਰ ਨਵੀਂ ਜ਼ਰੂਰ ਹੈ ਪਰ ਅਸੀਂ ਪੁਰਾਣੀਆਂ ਸਰਕਾਰਾਂ ਦੀਆਂ ਪਾਈਆਂ ਕੁਰੀਤੀਆਂ ਨੂੰ ਦੂਰ ਕਰਕੇ ਹੀ ਰਹਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਸਿੱਧੇ ਨਿਰਦੇਸ਼ ਨੇ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਚੱਲਣ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਐਮੀਨੈਂਸ ਸਕੂਲ ਪ੍ਰਾਜੈਕਟ ਦੇ ਆਗਾਜ਼ ਮੌਕੇ ਪਹੁੰਚੇ ਸਨ। ਇਸ ਸਬੰਧੀ ਸ਼ਨੀਵਾਰ ਨੂੰ ਮੁਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ੂਮਲੀਅਤ ਕੀਤੀ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੈ। ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਫ਼ਨਾਉਨ੍ਹਾਂ ਨੂੰ ਸੌਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਐਮੀਨੈਂਸ ਸਕੂਲ ਨੂੰ ਜੇਕਰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਇਹ ਹੁਨਰ ਨੂੰ ਤਲਾਸ਼ਣ ਵਾਲਾ ਸਕੂਲ ਹੈ ਤੇ ਹੁਨਰ ਕੋਈ ਅਮੀਰੀ ਜਾਂ ਗਰੀਬੀ ਨਹੀਂ ਦੇਖਦਾ। ਇਹ ਸਕੂਲ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਵਿੱਚ ਕਾਨਵੈਂਟ ਸਕੂਲਾਂ ’ਦੇ ਬੱਚਿਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਜ਼ਦੂਰ, ਡੀਸੀ ਅਤੇ ਮੰਤਰੀਆਂ ਦੇ ਬੱਚੇ ਇੱਕੋ ਬੈਂਚ ਉੱਤੇ ਬੈਠ ਕੇ ਪੜ੍ਹਨਗੇ। ਬਾਕੀ ਮਾਪਿਆਂ ਦੀ ਆਪਣੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਵਾਲੇ ਸਕੂਲਾਂ ਵਿੱਚ ਪੜ੍ਹਾਉਣਾ ਚਾਹੁੰਦੇ ਹਨ ਜਾਂ ਮੁਫ਼ਤ ਸਿੱਖਿਆ ਵਾਲੇ ਸਕੂਲ ਵਿੱਚ। ਉਨ੍ਹਾਂ ਕਿਹਾ ਕਿ ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਬਣਾਏ ਗਏ ਇਹ 117 ਸਕੂਲ ਮਿਆਰੀ ਸਿੱਖਿਆ ਦੇ ਮੰਦਰ ਹਨ। ਇਸ ਸਮਾਗਮ ਵਿੱਚ 117 ਐਮੀਨੈਂਸ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੰਗਾਪੁਰ ਜਾ ਰਹੇ 36 ਪ੍ਰਿੰਸੀਪਲ ਵੀ ਹਾਜ਼ਰ ਸਨ।