ਪਟਿਆਲਾ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨਾਲ 34 ਹੋਰ ਮੌਤਾਂ ਹੋ ਗਈਆਂ ਹਨ। ਮ੍ਰਿਤਕਾਂ ਵਿੱਚੋਂ 14 ਪਟਿਆਲਾ ਨਾਲ ਸਬੰਧਤ ਹਨ ਜਦੋਂਕਿ 12 ਹੋਰਨਾਂ ਜ਼ਿਲ੍ਹਿਆਂ ਤੋਂ ਹਨ। ਅੱਠ ਮ੍ਰਿਤਕਾਂ ਦਾ ਸਬੰਧ ਹੋਰਨਾਂ ਸੂਬਿਆਂ ਨਾਲ਼ ਹੈ। ਪਿਛਲੇ ਦਿਨਾਂ ਵਿੱਚ ਰਾਜਿੰਦਰਾ ਹਸਪਤਾਲ ਵਿੱਚ ਮੌਤਾਂ ਦਾ ਸਿਲਸਿਲਾ ਜਾਰੀ ਹੈ।
ਪੰਜਾਬ ਵਿੱਚ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਸੂਬੇ ਵਿੱਚ ਐਤਵਾਰ ਨੂੰ ਕਰੋਨਾ ਕਰਕੇ 157 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ਵਿੱਚ ਹੁਣ ਤੱਕ ਮੌਤਾਂ ਦੀ ਗਿਣਤੀ 9317 ’ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਐਤਵਾਰ ਨੂੰ 7327 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 5244 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ।
ਸੂਬੇ ਵਿੱਚ ਹੁਣ ਤੱਕ 73,40,768 ਜਣਿਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 3,85,270 ਜਣੇ ਪੌਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 3,15,845 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 60,108 ਐਕਟਿਵ ਕੇਸ ਹਨ।
ਉਧਰ, ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਕੇਸਾਂ ’ਚ ਕੁਝ ਕਮੀ ਵੇਖਣ ਨੂੰ ਮਿਲੀ ਹੈ। ਸੋਮਵਾਰ ਸਵੇਰੇ ਅੱਠ ਵਜੇ ਤੱਕ ਕਰੋਨਾ ਦੀ ਲਾਗ ਦੇ 3,68,147 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 1,99,25,604 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸੇ ਅਰਸੇ ਦੌਰਾਨ 3417 ਹੋਰ ਮੌਤਾਂ ਨਾਲ ਕਰੋਨਾ ਕਰਕੇ ਦਮ ਤੋੜਨ ਵਾਲਿਆਂ ਦੀ ਗਿਣਤੀ ਵਧ ਕੇ 2,18,959 ਹੋ ਗਈ ਹੈ।
ਦੱਸ ਦਈਏ ਕਿ 1 ਤੇ 2 ਮਈ ਨੂੰ ਕ੍ਰਮਵਾਰ 4.01 ਲੱਖ ਤੇ 3.92 ਲੱਖ ਦੇ ਕਰੀਬ ਕੇਸ ਸਾਹਮਣੇ ਆਏ ਸਨ। ਐਕਟਿਵ ਕੇਸਾਂ ਦੀ ਗਿਣਤੀ 34,13,642 ਹੈ ਜੋ ਕੁਲ ਕੇਸਲੋਡ ਦਾ 17.13 ਫੀਸਦ ਹੈ। ਕਰੋਨਾ ਦੀ ਲਾਗ ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 81.77 ਫੀਸਦ ਹੈ। ਹੁਣ ਤੱਕ 1,62,93,003 ਮਰੀਜ਼ ਕਰੋਨਾ ਮਹਾਮਾਰੀ ਨੂੰ ਹਰਾ ਕੇ ਤੰਦਰੁਸਤ ਹੋਣ ਵਿੱਚ ਸਫ਼ਲ ਰਹੇ ਹਨ। ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 1.1 ਫੀਸਦ ਹੈ।