ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੇਂਦਰ ਦਾ ਖੁਰਾਕ ਤੇ ਜਨਤਕ ਵੰਡ ਵਿਭਾਗ ਫਸਲਾਂ ਦੀ ਖਰੀਦ ਲਈ ਪੈਸੇ ਸਿੱਧੇ ਤੌਰ ‘ਤੇ ਕਿਸਾਨ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਨਾ ਚਾਹੁੰਦਾ ਹੈ, ਜਦਕਿ ਪੰਜਾਬ ਸਰਕਾਰ ਫਸਲ ਦੀ ਕੀਮਤ ਆੜ੍ਹਤੀਆਂ ਦੇ ਰਾਹੀਂ ਕਿਸਾਨਾਂ ਨੂੰ ਦੇਣ ਦੇ ਹੱਕ ਵਿੱਚ ਹੈ। ਕਣਕ ਦੀ ਖਰੀਦ ਸ਼ੁਰੂ ਹੋਣ 'ਚ ਸਿਰਫ ਚਾਰ ਦਿਨ ਬਾਕੀ ਹਨ, ਪਰ ਕੇਂਦਰ ਤੇ ਪੰਜਾਬ ਵਿਚਾਲੇ ਇਹ ਝਗੜਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਦਖਲ ਦੇਣ ਦੀ ਬੇਨਤੀ ਕੀਤੀ ਹੈ।


 


ਉਨ੍ਹਾਂ ਚਿੱਠੀ 'ਚ ਲਿਖਿਆ ਕਿ ਇਸ ਤੋਂ ਪਹਿਲਾਂ ਕਿ ਕਿਸਾਨਾਂ ਦੀਆਂ ਫਸਲਾਂ ਦੀ ਖਰੀਦ ਦੇ ਪੈਸੇ ਨੂੰ ਲੈ ਕੇ ਪੰਜਾਬ 'ਚ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇ, ਮੈਂ ਤੁਹਾਡੇ ਨਾਲ ਮਿਲਣਾ ਚਾਹੁੰਦਾ ਹਾਂ ਤੇ ਸਭ ਕੁਝ ਸਮਝਾਉਣਾ ਚਾਹੁੰਦਾ ਹਾਂ।


 


ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿਠੀ 'ਚ ਕਿਹਾ ਕਿ ਕੇਂਦਰ ਨੂੰ ਕਿਸਾਨਾਂ, ਆੜ੍ਹਤੀਆਂ ਤੇ ਲੇਬਰ ਤੋਂ ਸਲਾਹ ਕੀਤੇ ਬਿਨਾਂ ਅਜਿਹਾ ਇਕਪਾਸੜ ਫੈਸਲਾ ਨਹੀਂ ਲੈਣਾ ਚਾਹੀਦਾ। ਹਾਈਕੋਰਟ ਦਾ ਆਦੇਸ਼ ਵੀ ਇਹ ਕਹਿੰਦਾ ਹੈ ਕਿ ਕਿਸਾਨ ਆਪਣੀ ਫਸਲ ਦੀ ਕੀਮਤ ਲੈਣ ਲਈ ਸੁਤੰਤਰ ਹੈ।


 


ਕੈਪਟਨ ਮੁਤਾਬਕ ਪੰਜਾਬ ਦੇ 12.50 ਲੱਖ ਕਿਸਾਨਾਂ ਦੀ ਫਸਲ ਦੀ 54 ਹਜ਼ਾਰ ਕਰੋੜ ਦੀ ਅਦਾਇਗੀ ਕਮਿਸ਼ਨ ਏਜੰਟ ਯਾਨੀ ਆੜ੍ਹਤੀਆਂ ਦੇ ਜ਼ਰੀਏ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਪੀਐਮ ਮੋਦੀ ਨੂੰ ਇਹ ਦੂਸਰੀ ਚਿਠੀ ਹੈ।


 


ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਜਿਸ 'ਚ ਉਨ੍ਹਾਂ ਕਿਸਾਨਾਂ ਦੇ ਲੈਂਡ ਰਿਕਾਰਡਸ ਤੇ ਬੈਂਕ ਅਕਾਊਂਟਸ ਦੇ ਹਿਸਾਬ ਨਾਲ ਫਸਲਾਂ ਦੇ ਮੁੱਲ ਦੀ ਅਦਾਇਗੀ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਬਣਾਉਣ ਦੀ ਵਿਵਸਥਾ ਕਾਇਮ ਰੱਖਣ ਲਈ ਕਿਹਾ ਸੀ।