ਕੌਂਟੀਨੈਂਟਲ ਫ਼ੁਟਬਾਲ ਟੂਰਨਾਮੈਂਟ ‘ਕੋਪਾ ਅਮੈਰਿਕਾ’ ਦਾ ਹੁਣ ਕੋਈ ਵੀ ਦੇਸ਼ ਮੇਜ਼ਬਾਨ ਨਹੀਂ ਰਿਹਾ। ਇਸ ਵਾਰ ਇਹ ਟੂਰਨਾਮੈਂਟ ਅਰਜਨਟੀਨਾ ’ਚ ਹੋਣ ਜਾ ਰਿਹਾ ਸੀ ਪਰ ਕੋਵਿਡ-19 ਦੇ ਖ਼ਤਰਿਆਂ ਕਾਰਣ ਦੱਖਣੀ ਅਮਰੀਕਾ ਦੀ ਫ਼ੁਟਬਾਲ ਜਥੇਬੰਦੀ CONMEBOL ਨੇ ਸੂਚਿਤ ਕੀਤਾ ਕਿ ਅਰਜਨਟੀਨਾ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰੇਗਾ। ਇਹ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਹੁਣ ਸਿਰਫ਼ ਦੋ ਹਫ਼ਤਿਆਂ ਦਾ ਸਮਾਂ ਰਹਿ ਗਿਆ ਹੈ।

 

ਐਤਵਾਰ ਦੇਰ ਰਾਤੀਂ ਕੀਤੇ ਗਏ ਐਲਾਨ ਤੋਂ ਬਾਅਦ ‘ਕੋਪਾ ਅਮੈਰਿਕਾ 2021’ ਉੱਤੇ ਕੋਵਿਡ-19 ਦਾ ਪਰਛਾਵਾਂ ਪੈਂਦਾ ਸਾਫ਼ ਦਿਸ ਰਿਹਾ ਹੈ। ਪਿਛਲੇ ਵਰ੍ਹੇ ਮਾਰਚ ਤੋਂ ਸ਼ੁਰੂ ਹੋਈ ਇਸ ਮਹਾਮਾਰੀ ਕਾਰਣ ਪਹਿਲਾਂ ਹੀ ਪੂਰੀ ਦੁਨੀਆ ’ਚ ਬਹੁਤ ਕੁਝ ਉਲਟਾ-ਪੁਲਟਾ ਹੋ ਚੁੱਕਾ ਹੈ।

 

CONMEBOL ਨੇ ਟਵਿਟਰ ਉੱਤੇ ਕਿਹਾ, ਹੁਣ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਅਰਜਨਟੀਨਾ ਵੱਲੋਂ ‘ਕੋਪਾ ਅਮੈਰਿਕਾ’ ਦੀ ਮੇਜ਼ਬਾਨੀ ਨਹੀਂ ਕੀਤੀ ਜਾ ਰਹੀ। ਹੁਣ ਹੋਰਨਾਂ ਦੇਸ਼ਾਂ ਵੱਲੋਂ ਦਿੱਤੀਆਂ ਪੇਸ਼ਕਸ਼ਾਂ ਉੱਤੇ ਗ਼ੌਰ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਇਹ ਵੀ ਕਿਹਾ ਕਿ ਨਵੇਂ ਮੇਜ਼ਬਾਨ ਦੇਸ਼ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

 

‘ਕੋਪਾ ਅਮੈਰਿਕਾ’ ਦੀ ਸ਼ੁਰੂਆਤ ਆਉਂਦੀ 13 ਜੂਨ ਤੋਂ ਹੋਣੀ ਤੈਅ ਹੈ ਅਤੇ ਇਹ 10 ਜੁਲਾਈ ਤੱਕ ਚੱਲੇਗਾ। ਦੱਖਣੀ ਅਮਰੀਕਾ ਦੀਆਂ ਟੀਮਾਂ ਪਹਿਲਾਂ ਹੀ ਇਸ ਟੂਰਨਾਮੈਂਟ ਦੀ ਤਿਆਰੀ ਕਰ ਰਹੀਆਂ ਹਨ ਅਤੇ ਵਰਲਡ ਕੱਪ ਕੁਆਲੀਫ਼ਾਇਰਜ਼ ਦੇ ਦੋ ਗੇੜ ਇਸੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਹਨ।

 

ਹੋਰ ਕੌਂਟੀਨੈਂਟਲ (ਮਹਾਂਦੀਪ ਦਾ) ਟੂਰਨਾਮੈਂਟਸ ਵਾਂਗ ‘ਕੋਪਾ ਅਮੈਰਿਕਾ’ ਪਹਿਲਾਂ ਪਿਛਲੇ ਸਾਲ 2020 ’ਚ ਵੀ ਮੁਲਤਵੀ ਕਰਨਾ ਪਿਆ ਸੀ ਕਿਉਂਕਿ ਅਮਰੀਕੀ ਮਹਾਂਦੀਪ ਵਿੱਚ ਕੋਰੋਨਾ ਦੇ ਬਹੁਤ ਜ਼ਿਆਦਾ ਕੇਸ ਆ ਰਹੇ ਸਨ ਤੇ ਮੌਤਾਂ ਵੀ ਹੋ ਰਹੀਆਂ ਸਨ। ਅਰਜਨਟੀਨਾ ’ਚ ਵੀ ਪਿਛਲੇ ਹਫ਼ਤੇ ਕੋਰੋਨਾ ਦੇ 35,000 ਨਵੇਂ ਕੇਸ ਆਏ ਸਨ ਅਤੇ 500 ਮੌਤਾਂ ਹੋ ਗਈਆਂ ਸਨ। ਦੇਸ਼ ਵਿੱਚ ਹੁਣ ਤੱਕ ਮਹਾਮਾਰੀ 77,000 ਜਾਨਾਂ ਲੈ ਚੁੱਕੀ ਹੈ। ਅਜਿਹੇ ਹਾਲਾਤ ਕਾਰਣ ਹੀ ਦੇਸ਼ ਦੀ ਸਰਕਾਰ ਨੂੰ ਇਸ ਟੂਰਨਾਮੈਂਟ ਦ ਮੇਜ਼ਬਾਨੀ ਟਾਲ਼ ਕੇ ਇਸ ਜ਼ਿੰਮੇਵਾਰੀ ਤੋਂ ਖਿਸਕਣਾ ਹੀ ਬਿਹਤਰ ਜਾਪਿਆ।