ਅੰਮ੍ਰਿਤਸਰ: ਤੁਲੀ ਲੈਬ ਮਾਮਲੇ 'ਚ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਿਸ ਸਰਗਰਮ ਹੋ ਗਈ ਹੈ। ਸ਼ਿਕਾਇਤਕਰਤਾਵਾਂ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ 'ਤੇ ਕੀਤੇ ਜਾ ਰਹੇ ਵਿਰੋਧ ਮਗਰੋਂ ਪੁਲਿਸ ਹਰਕਤ ਵਿੱਚ ਆਈ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਅੱਜ 'ਏਬੀਪੀ ਸਾਂਝਾ' ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਏਡੀਸੀਪੀ ਦੀ ਅਗਵਾਈ 'ਚ ਟੀਮ ਬਣਾਈ ਹੈ। ਟੀਮ ਛਾਪੇਮਾਰੀ ਕਰ ਰਹੀ ਹੈ ਤੇ ਵੱਖ-ਵੱਖ ਥਾਵਾਂ 'ਤੇ ਲੋੜ ਪੈਣ 'ਤੇ ਸਰਚ ਵੀ ਕਰੇਗੀ।


ਉਨ੍ਹਾਂ ਕਿਹਾ ਤੁਲੀ ਲੈਬ ਮਾਮਲੇ ਦੀ ਜਾਂਚ ਸਾਡੇ ਕੋਲ ਆ ਗਈ ਹੈ ਤੇ ਇਸ ਦੀ ਜਾਂਚ ਸਿੱਟ ਵੱਲੋਂ ਕੀਤੀ ਜਾ ਰਹੀ ਹੈ, ਜਿਸ 'ਚ ਉਹ ਖੁਦ, ਏਡੀਸੀ ਹਿਮਾਸ਼ੂ ਅਗਰਵਾਲ ਤੇ ਸਿਵਲ ਸਰਜਨ ਸ਼ਾਮਲ ਹਨ। ਸਿੱਟ ਵੱਲੋਂ ਸ਼ਿਕਾਇਤਕਰਤਾ ਨੂੰ ਵੀ ਬੁਲਾਇਆ ਗਿਆ ਹੈ ਤੇ ਉਨ੍ਹਾਂ ਕੋਲੋਂ ਸਾਰੀ ਜਾਣਕਾਰੀ ਲਈ ਜਾਵੇਗੀ। ਜਿਨ੍ਹਾਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਏਡੀਸੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਟੀਮ ਬਣੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਜਾ ਰਿਹਾ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੀ ਫਾਈਲ ਦੇਖੀ ਗਈ ਹੈ ਤੇ ਉਸੇ ਬੇਸ 'ਤੇ ਹੀ ਸਾਰੀਆਂ ਜ਼ਮਾਨਤਾਂ ਦਾ ਵਿਰੋਧ ਕੀਤਾ ਤੇ ਤਿੰਨ ਮੁਲਜਮਾਂ ਦੀ ਜ਼ਮਾਨਤ ਰੱਦ ਹੋਈ ਹੈ। ਜਾਂਚ ਪੂਰੀ ਹੋਣ ਦਾ ਕੋਈ ਸਮਾਂ ਨਹੀਂ, ਇਹ ਲਗਾਤਾਰ ਜਾਂਚ ਹੋਵੇਗੀ, ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਪਹਿਲੂ ਹਨ ਤੇ ਹਰ ਪਹਿਲੂ ਨੂੰ ਪਰਖਿਆ ਜਾ ਰਿਹਾ ਹੈ।




ਪੁਲਿਸ ਕਮਿਸ਼ਨਰ ਮੁਤਾਬਕ ਜੋ ਵੀ ਧਾਰਾ ਹੋਵੇਗੀ, ਅਸੀਂ ਕਾਨੂੰਨ ਮੁਤਾਬਕ ਕੰਮ ਕਰਾਂਗੇ। ਅਸੀਂ ਸਾਰਾ ਕੁਝ ਪਰਖਾਂਗੇ। ਸ਼ਿਕਾਇਤਕਰਤਾ ਨੂੰ ਵੀ ਕੱਲ੍ਹ ਬੁਲਾਇਆ ਗਿਆ ਹੈ, ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ, ਫਿਲਹਾਲ ਸਾਡੇ ਕੋਲ ਕੋਈ ਸ਼ਿਕਾਇਤਕਰਤਾ ਨਹੀਂ ਆਇਆ, ਜੇਕਰ ਕੋਈ ਹੋਰ ਸ਼ਿਕਾਇਤ ਕਰਤਾ ਆਵੇਗਾ ਤਾਂ ਉਸ ਦੇ ਬਿਆਨ ਦਰਜ ਕਰਕੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ।