ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੀ ਸਹੁੰ ਲੈਣਗੇ। ਉਨ੍ਹਾਂ ਨਾਲ ਛੇ ਹੋਰ ਵਿਧਾਇਕ ਅਹੁਦੇ ਦੀ ਸਹੁੰ ਲੈਣਗੇ। ਜਿਸ 'ਚ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਅਹੁਦੇ ਦੀ ਸਹੁੰ ਲੈਣਗੇ। ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ 'ਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ।

ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ। ਇਹ ਅਜੇ ਸਾਫ਼ ਨਹੀਂ ਹੈ ਕਿ ਮੋਦੀ ਸਮਾਗਮ 'ਚ ਹਿੱਸਾ ਲੈਣਗੇ ਜਾਂ ਨਹੀਂ। ਪਰ ਖ਼ਬਰਾਂ ਹਮ ਕਿ ਪ੍ਰਧਾਨ ਮੰਤਰੀ ਮੋਦੀ ਕੇਜਰੀਵਾਲ ਦੇ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਨਹੀਂ ਹੋ ਸਕਣਗੇ। ਕਿਉਂਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਮੁਤਾਬਕ ਉਹ ਐਤਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਜਾ ਕੇ 30 ਤੋਂ ਵੱਧ ਪ੍ਰੋਜੈਕਟ ਲਾਂਚ ਕਰਨਗੇ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ। ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ ਰਾਸ਼ਟਰਪਤੀ ਨੇ ਮੁੱਖ ਮੰਤਰੀ ਦੀ ਸਲਾਹ 'ਤੇ ਛੇ ਵਿਧਾਇਕਾਂ ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਨੂੰ ਮੰਤਰੀ ਨਿਯੁਕਤ ਕੀਤਾ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, “ਰਾਸ਼ਟਰਪਤੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕਰਨ ਤੋਂ ਖੁਸ਼ ਹਨ। ਉਨ੍ਹਾਂ ਦੀ ਨਿਯੁਕਤੀ ਉਸ ਦਿਨ ਤੋਂ ਪ੍ਰਭਾਵੀ ਹੋਵੇਗੀ ਜਦੋਂ ਉਹ ਸਹੁੰ ਚੁੱਕ ਲੈਣਗੇ।"

ਗੋਪਾਲ ਰਾਏ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੋਈ ਵੀ ਮੁੱਖ ਮੰਤਰੀ ਜਾਂ ਦੂਜੇ ਸੂਬਿਆਂ ਦਾ ਨੇਤਾ ਇਸ ਸਮਾਰੋਹ ਦਾ ਹਿੱਸਾ ਨਹੀਂ ਬਣੇਗਾ ਕਿਉਂਕਿ ਇਹ "ਵਿਸ਼ੇਸ਼ ਤੌਰ 'ਤੇ ਦਿੱਲੀ" ਦਾ ਸਮਾਗਮ ਹੈ। ਕੇਜਰੀਵਾਲ ਨੇ ਅਖ਼ਬਾਰਾਂ 'ਚ ਇਸ਼ਤਿਹਾਰਾਂ ਰਾਹੀਂ ਦਿੱਲੀ ਵਾਸੀਆਂ ਨੂੰ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਆਉਣ ਦੀ ਬੇਨਤੀ ਕੀਤੀ ਹੈ।

ਕੇਜਰੀਵਾਲ ਆਪਣੀ ਕੈਬਨਿਟ ਦੇ ਨਾਲ ਐਤਵਾਰ ਸਵੇਰੇ 10 ਵਜੇ ਰਾਮਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਰਾਮਲੀਲਾ ਮੈਦਾਨ 'ਚ ਇਸ ਦੀ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਨੇ ਇਸ ਪ੍ਰੋਗਰਾਮ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਹਨ।