ਚੰਡੀਗੜ: ਪੰਜਾਬ ਵਿਧਾਨ ਸਭ ਚੋਣਾਂ ਦੇ ਕਰੀਬ ਆਉਂਦਿਆਂ ਹੀ ਸਿਆਸਤ ਨੇ ਵੀ ਜ਼ੋਰ ਫੜ੍ਹ ਲਿਆ ਹੈ। ਸਿਆਸੀ ਪਾਰਟੀਆਂ ਵਲੋਂ ਵਾਅਦਿਆਂ ਦੀ ਝੜ੍ਹੀ ਲਗਾਈ ਜਾ ਰਹੀ ਹੈ। ਬੀਤੇ ਦਿਨੀਂ ਡਾ. ਭੀਮਰਾਓ ਅੰਬੇਦਕਰ ਦੇ ਜਨਮ ਦਿਵਸ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤਾਂ ਦੇ ਲਈ ਕੁਝ ਐਲਾਨ ਕੀਤੇ ਗਏ। ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਝੂਠਾ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਤੇ ਬਾਦਲਾਂ ਨੇ ਹਮੇਸ਼ਾਂ ਦਲਿਤਾਂ ਦੇ ਨਾਂ 'ਤੇ ਰਾਜਨੀਤੀ ਕੀਤੀ ਹੈ। ਜੇ ਉਨਾਂ ਨੂੰ ਸੱਚਮੁੱਚ ਦਲਿਤਾਂ ਦੀ ਚਿੰਤਾਂ ਹੁੰਦੀ ਤਾਂ ਅੱਜ ਪੰਜਾਬ 'ਚ ਦਲਿਤਾਂ ਦੀ ਬੁਰੀ ਸਥਿਤੀ ਨਾ ਹੁੰਦੀ। 

Continues below advertisement


 


ਉਨਾਂ ਕਿਹਾ ਕਿ ਦਸ ਸਾਲਾਂ ਦੀ ਅਕਾਲੀ ਸਰਕਾਰ ਅਤੇ ਚਾਰ ਸਾਲਾਂ ਦੀ ਕੈਪਟਨ ਸਰਕਾਰ ਦੌਰਾਨ ਦਲਿਤਾਂ ਦੀ ਸਥਿਤੀ ਸੁਧਾਰਨ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਪਰ ਜਦੋਂ ਹੁਣ ਵਿਧਾਨ ਸਭਾ ਦੀਆਂ ਆਮ ਚੋਣਾਂ ਨੇੜੇ ਆ ਗਈਆਂ ਤਾਂ ਇਨਾਂ ਲੋਕਾਂ ਨੂੰ ਦਲਿਤਾਂ ਦੀ ਯਾਦ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਦਲਿਤਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਪੜਾਈ ਦੀਆਂ ਵੱਖ ਵੱਖ ਯੋਜਨਾਵਾਂ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ, ਵਰਦੀਆਂ ਅਤੇ ਕਿਤਾਬਾਂ ਆਦਿ ਦੇ ਫੰਡਾਂ ਵਿੱਚ ਕੀਤੇ ਕਰੋੜਾਂ ਰੁਪਏ ਦੇ ਘੁਟਾਲਿਆਂ ਦਾ ਹਿਸਾਬ ਦੇਣ। 


 


ਉਨ੍ਹਾਂ ਕਿਹਾ ਕਿ ਜੇ ਕੈਪਟਨ ਨੇ ਸੱਚਮੁੱਚ ਹੀ ਦਲਿਤਾਂ ਦੇ ਉਥਾਨ ਲਈ ਕੰਮ ਕਰਨਾ ਹੁੰਦਾ ਤਾਂ ਉਹ ਵਜ਼ੀਫ਼ਾ ਘੁਟਾਲੇ ਵਿੱਚ ਸ਼ਾਮਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ ਤੋਂ ਬਰਖ਼ਾਸਤ ਕਰਦੇ, ਪਰ ਉਨਾਂ ਅੱਜ ਵੀ ਧਰਮਸੋਤ ਨੂੰ ਚੰਗੇ ਮਹਿਕਮੇ ਸੌਂਪੇ ਹੋਏ ਹਨ। ਦਲਿਤ ਵਿਦਿਆਰਥੀਆਂ ਦੇ ਫੰਡਾਂ 'ਚ ਹੋਏ ਘੁਟਾਲਿਆਂ ਦੇ ਕਾਰਨ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡਣੀ ਪੈ ਗਈ ਸੀ। ਚੀਮਾ ਨੇ ਕਿਹਾ ਕਿ ਕੈਪਟਨ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ, ਚਾਰ ਸਾਲ ਬੀਤ ਜਾਣ 'ਤੇ ਉਨਾਂ 'ਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ।


 


ਚੀਮਾ ਨੇ ਕਿਹਾ ਕਿ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕਰਕੇ ਸੰਵਿਧਾਨ ਦੀਆਂ ਕਾਪੀਆਂ ਜਲਾਉਣ ਵਾਲੇ ਕੈਪਟਨ ਤੇ ਬਾਦਲ ਅੱਜ ਦਲਿਤਾਂ ਦੇ ਮਸੀਹਾ ਬਣਨ ਦਾ ਪਖੰਡ ਕਰ ਰਹੇ ਹਨ। ਉਨਾਂ ਕਿਹਾ ਕਿ ਅਸਲ ਵਿੱਚ ਬਾਦਲ ਤੇ ਕੈਪਟਨ ਦੋਵਾਂ ਨੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਕੰਮ ਕੀਤੇ ਹਨ। ਬਾਬਾ ਸਾਹਿਬ ਵੱਲੋਂ ਸੰਵਿਧਾਨ ਵਿੱਚ ਲਿਖੀ ਇੱਕ ਵੀ ਗੱਲ ਨੂੰ ਇਨਾਂ ਦੋਵਾਂ ਨੇ ਕਦੀ ਲਾਗੂ ਨਹੀਂ ਕੀਤਾ, ਸਗੋਂ ਆਪਣੇ ਪਰਿਵਾਰਾਂ ਦੀਆਂ ਜਾਇਦਾਦਾਂ ਵਧਾਉਣ ਦਾ ਹੀ ਕੰਮ ਕੀਤਾ ਹੈ। ਉਨਾਂ ਕਿਹਾ ਕਿ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਲਿਤਾਂ ਦੇ ਮਸੀਹੇ ਬਣਨ ਦਾ ਝੂਠਾ ਨਾਟਕ ਕਰ ਰਹੇ  ਹਨ।