ਮੈਲਬਰਨ: ਆਸਟ੍ਰੇਲੀਆ ਦੇ ਜੰਗਲਾਂ 'ਚ ਇਨ੍ਹੀਂ ਦਿਨੀਂ ਭਿਆਨਕ ਅੱਗ ਲੱਗੀ ਹੋਈ ਹੈ ਜਿਸ ਨੂੰ ਵੇਖਦੇ ਹੋਏ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮਾਰਿਸਨ ਦੀ ਭਾਰਤ ਯਾਤਰਾ ਰੱਦ ਹੋ ਸਕਦੀ ਹੈ। ਸਕੌਟ ਮਾਰਿਸਨ 14 ਤੋਂ 16 ਜਨਵਰੀ ਤਕ ਭਾਰਤ ਦੌਰੇ 'ਤੇ ਆਉਣ ਵਾਲੇ ਸੀ। ਸੂਤਰਾਂ ਮੁਤਾਬਕ ਇਹ ਦੌਰਾ ਹੁਣ ਟਲ ਸਕਦਾ ਹੈ। ਆਸਟ੍ਰੇਲਿਆਈ ਸਰਕਾਰ ਨੇ ਨਿਊ ਸਾਉਥ ਵੇਲਸ ਤੇ ਵਿਕਟੋਰੀਆ ਖੇਤਰਾਂ 'ਚ ਜੰਗਲਾਂ 'ਚ ਲੱਗੀ ਅੱਗ ਨੂੰ ਵੇਖਦੇ ਹੋਏ ਐਮਰਜੈਂਸੀ ਐਲਾਨ ਦਿੱਤੀ ਹੈ।

ਅੱਗ 'ਤੇ ਪ੍ਰਧਾਨ ਮੰਤਰੀ ਸਕੌਟ ਮਾਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਦੀ ਉਤਸਰਜਨ ਘਟਾਉਣ ਦੀ ਨੀਤੀ ਤਹਿਤ ਵਾਤਾਵਰਣ ਦੀ ਰੱਖਿਆ ਲਈ ਪੁਖ਼ਤਾ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਕੈਬਨਿਟ ਦੀ ਰਾਸ਼ਟਰੀ ਸੁਰੱਖਿਆ ਸਮਿਤੀ ਜ਼ਿਆਦਾ ਗਿਣਤੀ 'ਚ ਜਹਾਜ਼ਾਂ ਤੇ ਹੈਲੀਕਾਪਟਰਾਂ ਨੂੰ ਕੰਮ 'ਚ ਲਾਉਣ ਅਤੇ ਹੋਰ ਮੁੱਦਿਆਂ 'ਤੇ ਵਿਚਾਰ ਕਰਨ ਲਈ ਸੋਮਵਾਰ ਨੂੰ ਬੈਠਕ ਕਰੇਗੀ।

ਦੱਸ ਦਈਏ ਕਿ ਜੰਗਲਾਂ 'ਚ ਲੱਗੀ ਅੱਗ ਕਰਕੇ ਕਈ ਸੜਕਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਨਿਵਾਸੀਆਂ ਤੇ ਸੈਲਾਨੀਆਂ ਨੂੰ ਕਿਤੇ ਸੁਰੱਖਿਅਤ ਥਾਂਵਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਹੈ ਜਦੋਂ ਸ਼ਨੀਵਾਰ ਤਕ ਅੱਗ ਫੈਲਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ। ਇਸ ਅੱਗ 'ਚ ਅੱਠ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ ਛੁੱਟੀਆਂ ਮਨਾਉਣ ਪਹੁੰਚੇ ਕਈ ਲੋਕ ਉੱਥੇ ਹੀ ਫਸ ਗਏ।

ਨਿਊ ਸਾਉਥ ਵੇਲਸ ਸਰਕਾਰ ਨੇ ਅੱਜ ਹਫਤੇ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੇਂਡੂ ਅੱਗ ਬੁਝਾਊ ਸੇਵਾ ਵਿਭਾਗ ਵੀ ਹਫਤੇ ਦੇ ਆਖਰ ਤਕ ਮੁਸ਼ਕਲ ਹਾਲਾਤਾਂ ਤੋਂ ਨਜਿੱਠਣ ਦੀ ਤਿਆਰੀ 'ਚ ਲੱਗਿਆ ਹੈ।