ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਸਰ ਆਪਣੇ ਆਪ ਨੂੰ ਫੌਜੀ ਕਹਿੰਦੇ ਸੁਣੇ ਗਏ ਹਨ। ਹੁਣ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਝੂਠੇ ਫੌਜੀ ਦੱਸਿਆ ਹੈ। ਮੋਹਾਲੀ ਵਿੱਚ ਸੈਨਿਕ ਕਲਿਆਣ ਵਿਭਾਗ ਦੇ ਦਫ਼ਤਰ ਕੈਂਪਸ ਤੋਂ ਸ਼ਹੀਦ ਸੈਨਿਕਾਂ ਅਤੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਇਕ ਐਨਜੀਓ ਨੂੰ ਦਫਤਰ ਕੈਂਪਸ ਕੱਢੇ ਜਾਣ 'ਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਫੌਜ ਦਾ ਜਵਾਨ ਦੱਸਦੇ ਹਨ, ਪਰ ਅਸਲ ਵਿੱਚ ਉਹ ਇਕ ਝੂਠੇ ਫੌਜੀ ਹਨ। ਜੇਕਰ ਉਹ ਸੱਚੇ ਫੌਜੀ ਹੁੰਦੇ ਤਾਂ ਸੀਮਾ 'ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਦਰਦ ਦਾ ਅਹਿਸਾਸ ਹੁੰਦਾ, ਪਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਕਲੀਫਾਂ ਦਾ ਅਹਿਸਾਸ ਨਹੀਂ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਪੁੱਤ ਰੋਜ਼ਾਨਾ ਦੇਸ਼ ਦੀ ਸਰਹੱਦ 'ਤੇ ਸੁਰੱਖਿਆ ਕਰਦੇ ਹੋਏ ਸ਼ਹੀਦ ਹੁੰਦੇ ਹਨ। ਰੋਜ਼ਾਨਾ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਵਿੱਚ ਸ਼ਹੀਦ ਦੀ ਲਾਸ਼ ਤਿੰਰਗੇ ਵਿੱਚ ਲਿਪਟਕੇ ਪਿੰਡ ਆਉਂਦੀ ਹੈ। ਸਰਕਾਰ ਆਪਣੀ ਵਾਹ-ਵਾਹ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸਾ, ਜ਼ਮੀਨ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੀ ਹੈ ਪਰ ਇਸ ਲਈ ਸਾਲਾਂ ਤੱਕ ਪਰਿਵਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਫਿਰ ਵੀ ਉਨ੍ਹਾਂ ਨੂੰ ਸਾਰਾ ਲਾਭ ਨਹੀਂ ਮਿਲਦਾ।
ਮਾਨ ਨੇ ਕਿਹਾ ਬੇਹੱਦ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਸਾਲਾਂ ਪਹਿਲਾਂ ਐਲਾਨ ਕਰਨ ਦੇ ਬਾਅਦ ਵੀ ਅਜੇ ਤੱਕ 1965 ਅਤੇ 1971 ਦੀ ਜੰਗ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਜ਼ਮੀਨ ਨਹੀਂ ਦਿੱਤੀ। ਦੇਸ਼ ਲਈ ਸ਼ਹੀਦ ਹੋਏ ਉਨ੍ਹਾਂ ਬਹਾਦਰਾਂ ਦੇ ਪਰਿਵਾਰ ਸਾਲਾਂ ਤੋਂ ਸੈਨਿਕ ਕਲਿਆਣ ਵਿਭਾਗ ਦਾ ਚੱਕਰ ਲਗਾ ਰਹੇ ਹਨ।
ਉਨ੍ਹਾਂ ਮੋਹਾਲੀ ਦੇ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਵੱਲੋਂ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਦਫ਼ਤਰ ਤੋਂ ਕੱਢੇ ਜਾਣ 'ਤੇ ਕਿਹਾ ਕਿ ਉਸ ਐਨਜੀਓ ਦਾ ਕਸੂਰ ਸਿਰਫ ਇੰਨਾ ਸੀ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਚਿੱਠੀ ਲਿਖੀ, ਪਰ ਕੈਪਟਨ ਨੇ ਉਨ੍ਹਾਂ ਦੀ ਚਿੱਠੀ 'ਤੇ ਕਾਰਵਾਈ ਕਰਨ ਦੀ ਬਜਾਏ ਵਿਭਾਗ ਦੇ ਡਾਇਰੈਕਟਰ ਨੂੰ ਨਿਰਦੇਸ਼ ਦੇ ਕੇ ਐਨਜੀਓ ਨੂੰ ਦਫ਼ਤਰ ਕੈਂਪਸ 'ਚ ਘੁੰਮਣ 'ਤੇ ਰੋਕ ਲਗਾ ਦਿੱਤੀ।
ਭਗਵੰਤ ਮਾਨ ਨੇ ਸਵਾਲ ਕਰਦੇ ਹੋਏ ਕਿਹਾ ਕਿ ਸੈਨਿਕ ਕਲਿਆਣ ਵਿਭਾਗ ਦੇ ਨਿਰਦੇਸ਼ਕ ਨੇ ਆਖਿਰ ਕਿਸਦੇ ਕਹਿਣ 'ਤੇ ਐਨਜੀਓ ਨੂੰ ਦਫ਼ਤਰ ਕੈਂਪਸ ਤੋਂ ਬਾਹਰ ਕੱਢਿਆ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਐਨਜੀਓ ਵੱਲੋਂ ਲਿਖੇ ਗਏ ਚਿੱਠੀ 'ਤੇ ਛੇਤੀ ਤੋਂ ਛੇਤੀ ਕਾਰਵਾਈ ਕਰੇ ਤੇ ਸੈਨਿਕ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਉਸ ਐਨਜੀਓ ਨੂੰ ਹਰ ਸੰਭਵ ਮਦਦ ਦਾ ਵਿਸ਼ਵਾਸ ਦਿੱਤਾ ਅਤੇ ਕਿਹਾ ਕਿ ਪਾਰਟੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸੇਵਾ ਲਈ ਹਰ ਸਮੇਂ ਮੌਜੂਦ ਹੈ।