ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਲੌਕਡਾਊਨ ਲਾਇਆ ਜਾ ਸਕਦਾ ਹੈ ਪਰ ਹੁਣ ਸਾਫ ਹੋ ਗਿਆ ਹੈ ਕਿ ਪੂਰੇ ਦੇਸ਼ 'ਚ ਇੱਕ ਵਾਰ 'ਚ ਲੌਕਡਾਊਨ ਨਹੀਂ ਲਾਇਆ ਜਾ ਰਿਹਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਵੱਡੇ ਪੱਧਰ ‘ਤੇ ਤਾਲਾਬੰਦ ਕਰਨ ਨਹੀਂ ਜਾ ਰਹੀ। ਇਸ ਦੀ ਬਜਾਏ ਉਹ ਇਸ ਪ੍ਰਕਿਰਿਆ ਨੂੰ ਸਿਰਫ ਛੋਟੇ-ਛੋਟੇ ਖੇਤਰਾਂ ਤੱਕ ਸੀਮਤ ਰੱਖਣਗੇ।
ਮੰਗਲਵਾਰ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨਾਲ ਇੱਕ ਵਰਚੁਅਲ ਬੈਠਕ ਵਿੱਚ ਸੀਤਾਰਮਨ ਨੇ ਵਿਸ਼ਵ ਬੈਂਕ ਦੁਆਰਾ ਇਸ ਆਲਮੀ ਮਹਾਂਮਾਰੀ ਦੇ ਦੌਰ ਵਿੱਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਕਾਸ ਲਈ ਵਿੱਤ ਦੀ ਉਪਲਬਧਤਾ ਲਈ ਉਧਾਰ ਲੈਣ ਦੀ ਸਮਰੱਥਾ ਵਧਾਉਣ ਦੇ ਵਿਸ਼ਵ ਬੈਂਕ ਦੇ ਫੈਸਲੇ ਦਾ ਸਵਾਗਤ ਕੀਤਾ।
ਵਿੱਤ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਤਾਰਮਨ ਨੇ ਇਸ ਭਿਆਨਕ ਤਬਾਹੀ ਨਾਲ ਨਜਿੱਠਣ ਲਈ ਭਾਰਤ ਵੱਲੋਂ ਚੁੱਕੇ ਪੰਜ ਕਦਮ ਸਾਂਝੇ ਕੀਤੇ। ਇਸ ਲਾਗ ਨੂੰ ਰੋਕਣ ਲਈ ਟੈਸਟ, ਟਰੈਕ, ਟ੍ਰੀਟ, ਵੈਕਸੀਨ ਤੇ ਕੋਵਿਡ -19 ਅਨੁਕੂਲ ਵਿਵਹਾਰ ਅਪਣਾਉਣ ਦਾ ਫਾਰਮੂਲਾ ਅਪਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਵਿੱਚ ਵੀ ਇਹ ਸਾਡੇ ਲਈ ਬਹੁਤ ਸਪਸ਼ਟ ਹੈ ਕਿ ਅਸੀਂ ਵੱਡੇ ਪੱਧਰ ‘ਤੇ ਤਾਲਾਬੰਦੀ ਨਹੀਂ ਕਰਨ ਜਾ ਰਹੇ ਹਾਂ। ਅਸੀਂ ਪੂਰੀ ਤਰਾਂ ਨਾਲ ਆਰਥਿਕਤਾ ਨੂੰ ਠੱਪ ਨਹੀਂ ਕਰ ਸਕਦੇ। ਇੱਕੋ-ਇੱਕ ਢੁਕਵਾਂ ਹੱਲ ਹੈ ਕਿ ਮਰੀਜ਼ਾਂ ਨੂੰ ਸਥਾਨਕ ਤੌਰ 'ਤੇ ਅਲੱਗ ਥਲੱਗ ਤੇ ਕੁਵਾਰੰਟੀਨ ਕੀਤਾ ਜਾਵੇ।
ਦੂਜੀ ਲਹਿਰ ਕੰਟਰੋਲ ਕੀਤੀ ਜਾਏਗੀ ਪਰ ਇਸ ਲਈ ਤਾਲਾਬੰਦੀ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਈਥਨੌਲ ਮਿਸ਼ਰਤ ਪ੍ਰੋਗਰਾਮ ਰਾਹੀਂ ਐਲਈਡੀ ਬੱਲਬਾਂ ਦੀ ਵੰਡ, ਨੈਸ਼ਨਲ ਬਾਇਓ ਫਿਊਲ ਪਾਲਿਸੀ, ਵਾਹਨ ਸਕ੍ਰੈਪ ਨੀਤੀ 'ਤੇ ਵੀ ਕੰਮ ਕਰ ਰਹੀ ਹੈ।
ਦੱਸ ਦਈਏ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੋਰੋਨਾ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਸ ਸਾਲ ਪਹਿਲੀ ਵਾਰ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 1000 ਨੂੰ ਪਾਰ ਕਰ ਗਈ ਹੈ।
ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟੇ ’ਚ 1,84,372 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1027 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਹਾਲਾਂਕਿ 82,339 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ 1,61,736 ਨਵੇਂ ਮਾਮਲੇ ਸਾਹਮਣੇ ਆਏ ਸਨ। ਪਿਛਲੇ ਸਾਲ 2 ਅਕਤੂਬਰ ਨੂੰ 1069 ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋਈ ਸੀ।