ਨਵੀਂ ਦਿੱਲੀ: ਲੋਕਾਂ ਨੂੰ ਗੁਮਰਾਹ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਣ 'ਚ ਹੈਕਰ ਬਿਲਕੁਲ ਸਮਾਂ ਬਰਬਾਦ ਨਹੀਂ ਕਰਦੇ। ਹੁਣ ਉਨ੍ਹਾਂ ਨੇ ਕੋਵਿਡ-19 ਦੇ ਰੂਪ 'ਚ ਠੱਗੀ ਮਾਰਨ ਦਾ ਇਕ ਨਵਾਂ ਤਰੀਕਾ ਅਪਣਾਇਆ ਹੈ। ਸਾਈਬਰ ਸੁਰੱਖਿਆ ਮਾਹਰਾਂ ਨੇ ਸਾਵਧਾਨ ਕੀਤਾ ਹੈ ਕਿ ਕੋਵਿਡ-19 ਟੀਕਾ, ਵੈਕਸੀਨ ਪਾਸਪੋਰਟ, ਜਾਅਲੀ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਤੇ ਟੀਕਾਕਰਨ ਸਰਟੀਫ਼ਿਕੇਟ ਡਾਰਕ ਨੈੱਟ 'ਤੇ ਵੇਚੇ ਜਾ ਰਹੇ ਹਨ।

Continues below advertisement


 


ਡਾਰਕ ਨੈੱਟ 'ਤੇ ਕੋਵਿਡ-19 ਨੂੰ ਸਾਈਬਰ ਅਪਰਾਧੀਆਂ ਨੇ ਬਣਾਇਆ ਧੰਦਾ


ਸਾਈਬਰ ਅਪਰਧੀਆਂ ਨੇ ਹੈਕਿੰਗ ਪਲੇਟਫ਼ਾਰਮ ਅਤੇ ਡਾਰਕ ਨੈੱਟ 'ਤੇ ਆਪਣੀਆਂ 'ਸੇਵਾਵਾਂ' ਦਾ ਇਸ਼ਤਿਹਾਰ ਦੇਣਾ ਸ਼ੁਰੂ ਕਰ ਦਿੱਤਾ ਹੈ। ਮਾਹਰ ਦਾ ਕਹਿਣਾ ਹੈ ਕਿ ਜਾਅਲੀ 'ਵੈਕਸੀਨ ਪਾਸਪੋਰਟ' ਸਰਟੀਫ਼ਿਕੇਟ 250 ਡਾਲਰ 'ਚ ਉਪਲੱਬਧ ਹੈ ਤੇ ਜਾਅਲੀ ਨੈਗੇਟਿਵ ਕੋਵਿਡ-19 ਰਿਪੋਰਟ 25 ਡਾਲਰ 'ਚ ਵੇਚੀ ਜਾ ਰਹੀ ਹੈ।


 


ਲੋਕਾਂ ਨੂੰ ਸਰਟੀਫ਼ਿਕੇਟ ਖਰੀਦਣ ਸਮੇਂ ਐਸਟਰਾਜ਼ੇਨੇਕਾ, ਸਪੁਟਨਿਕ ਜਾਂ ਜੌਨਸਨ ਐਂਡ ਜੌਨਸਨ ਜਿਹੇ ਵੈਕਸੀਨ ਬਰਾਂਡ ਦੀ ਚੋਣ ਕਰਨ ਦਾ ਆਪਸ਼ਨ ਵੀ ਹੁੰਦਾ ਹੈ। ਇਸ ਲਈ ਉਨ੍ਹਾਂ ਨੂੰ ਜਾਣਕਾਰੀ ਤੇ ਪੈਸੇ ਦੇਣ ਦੀ ਜ਼ਰੂਰਤ ਪੈਂਦੀ ਹੈ ਤੇ ਜਾਅਲੀ ਦਸਤਾਵੇਜ਼ ਹੈਕਰ ਵੱਲੋਂ ਈਮੇਲ ਕਰ ਦਿੱਤੇ ਜਾਂਦੇ ਹਨ।


 


ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਵਾਲੀ ਵੈਕਸੀਨ 500 ਡਾਲਰ ਤੋਂ 750 ਡਾਲਰ 'ਚ ਵੇਚੀ ਜਾ ਰਹੀ ਹੈ। ਅਣਪਛਾਤੇ ਕਾਰੋਬਾਰੀ 150 ਡਾਲਰ 'ਚ ਜਾਅਲੀ ਟੀਕਾਕਰਨ ਸਰਟੀਫ਼ਿਕੇਟ ਵੀ ਵੇਚ ਰਹੇ ਹਨ। ਖੋਜਕਰਤਾਵਾਂ ਨੇ ਟੀਕੇ ਨਾਲ ਜੁੜੇ ਡਾਰਕ ਨੈੱਟ ਦੇ ਇਸ਼ਤਿਹਾਰਾਂ 'ਚ 'ਤੇਜ਼ੀ ਨਾਲ ਵਾਧਾ' ਦੇਖਣ ਦਾ ਦਾਅਵਾ ਕੀਤਾ ਹੈ। ਡਾਰਕ ਨੈੱਟ ਨੂੰ ਡਾਰਕ ਵੈੱਬ ਵੀ ਕਿਹਾ ਜਾਂਦਾ ਹੈ। ਇਹ ਇੰਟਰਨੈਟ ਦਾ ਇਕ ਹਿੱਸਾ ਹੈ ਅਤੇ ਇਸ ਤਕ ਸਿਰਫ਼ ਵਿਸ਼ੇਸ਼ ਬ੍ਰਾਊਜ਼ਰ ਟੂਲਸ ਦੁਆਰਾ ਹੀ ਪਹੁੰਚ ਕੀਤੀ ਜਾ ਸਕਦੀ ਹੈ।


 


ਨਕਲੀ ਟੀਕਾ, ਨੈਗੇਟਿਵ ਟੈਸਟ ਰਿਪੋਰਟ, ਕੋਵਿਡ ਪਾਸਪੋਰਟ ਮਿਲ ਰਿਹੈ


ਇੰਟਰਨੈੱਟ ਮਾਹਰਾਂ ਲਈ ਡਾਰਕ ਨੈਟ 'ਤੇ ਚੱਲ ਰਹੀ ਕਿਸੇ ਵੈਬਸਾਈਟ ਜਾਂ ਪੇਜ਼ ਤਕ ਪਹੁੰਚਣਾ ਬਹੁਤ ਮੁਸ਼ਕਲ ਹੈ। ਚੈੱਕ ਪੁਆਇੰਟ ਰਿਸਰਚ ਦੇ ਸਾਈਬਰ ਸੁਰੱਖਿਆ ਮਾਹਰਾਂ ਨੇ ਕਿਹਾ ਹੈ ਕਿ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ, ਕਿਉਂਕਿ ਲੋਕਾਂ ਦੇ ਪੇਜ਼ ਤਕ ਪਹੁੰਚਣ ਲਈ ਪਾਬੰਦੀਆਂ ਵੱਧ ਗਈਆਂ ਹਨ। ਹੈਕਰ ਹੌਲੀ ਰਫ਼ਤਾਰ ਨਾਲ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਲਾਭ ਵੀ ਲੈ ਰਹੇ ਹਨ।


 


ਸਾਈਬਰ ਸੁਰੱਖਿਆ ਕੰਪਨੀ ਚੈੱਕ ਪੁਆਇੰਟ ਦੇ ਖੋਜਕਰਤਾ ਜਨਵਰੀ ਤੋਂ ਹੈਕਿੰਗ ਪਲੇਟਫ਼ਾਰਮਾਂ ਅਤੇ ਹੋਰ ਬਾਜ਼ਾਰਾਂ 'ਤੇ ਨਜ਼ਰ ਰੱਖ ਰਹੇ ਹਨ, ਜਦੋਂ ਟੀਕੇ ਦਾ ਇਸ਼ਤਿਹਾਰ ਪਹਿਲੀ ਵਾਰ ਸਾਹਮਣੇ ਆਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ਼ਤਿਹਾਰਾਂ ਦੀ ਗਿਣਤੀ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਟੀਕਾ ਵੇਚਣ ਵਾਲੇ ਸੰਯੁਕਤ ਰਾਜ, ਬ੍ਰਿਟੇਨ, ਸਪੇਨ, ਜਰਮਨੀ ਅਤੇ ਰੂਸ ਦੇ ਹੋ ਸਕਦੇ ਹਨ। ਡਾਰਕ ਨੈੱਟ 'ਤੇ ਵਿਕਰੇਤਾ ਵੱਲੋਂ ਅਗਲੇ ਦਿਨ ਦੀ ਡਿਲੀਵਰੀ ਦਾ ਪ੍ਰਸਤਾਵ ਵੀ ਹੈ।