ਮੁਕਤਸਰ: ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੋਰ ਅਕਾਲੀ ਆਗੂਆਂ ਨਾਲ ਵਿੱਕੀ ਮਿੱਡੂਖੇੜਾ ਦੇ ਘਰ ਪਿੰਡ ਮਿੱਡੂਖੇੜਾ ਵਿਖੇ ਪਹੁੰਚੇ। ਬੀਤੇ ਦਿਨੀਂ ਮੋਹਾਲੀ 'ਚ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਜੀਠੀਆ ਨੇ ਵਿੱਕੀ ਮਿੱਡੂਖੇੜਾ ਦੇ ਭਰਾ ਅਜੇਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਲ੍ਹ 'ਚ ਬੈਠੇ ਲੋਕ ਗੈਂਗ ਚਲਾ ਰਹੇ ਹਨ। ਪੰਜਾਬ 'ਚ ਅਮਨ ਕਾਨੂੰਨ ਦੇ ਮਾਮਲੇ 'ਚ ਸਰਕਾਰ ਬਿਲਕੁਲ ਫੇਲ ਹੋ ਚੁਕੀ ਹੈ।
ਉਨ੍ਹਾਂ ਕਿਹਾ ਮੋਹਾਲੀ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ 'ਚ ਜੋ ਘਟਨਾਵਾਂ ਹੋਈਆਂ ਲੋਕ ਉਸ ਨਾਲ ਸਹਿਮ 'ਚ ਹਨ। ਕਾਂਗਰਸ ਸਰਕਾਰ ਗੈਂਗਸਟਰਾਂ ਨੂੰ ਸਰਪ੍ਰਸਤੀ ਦੇ ਰਹੀ, ਇਸਦੇ ਨਤੀਜੇ ਸੂਬੇ ਲਈ ਮਾੜੇ ਨਿਕਲਣਗੇ। ਉਨ੍ਹਾਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਪ੍ਰਸਤੀ 'ਚ ਇਹ ਸਭ ਕੁਝ ਚੱਲ ਰਿਹਾ ਅਤੇ ਕਾਂਗਰਸ ਇਨ੍ਹਾਂ ਗੈਂਗਸਟਰਾਂ ਨੂੰ ਵਿਧਾਨ ਸਭਾ ਚੋਣਾਂ 'ਚ ਵਰਤਣਾ ਚਾਹੁੰਦੀ ਹੈ।
ਦਸ ਦਈਏ ਕਿ ਇਸ ਘਟਨਾ ਦੇ ਦੋ ਦਿਨਾਂ ਬਾਅਦ, ਪੁਲਿਸ ਨੇ ਸੋਮਵਾਰ ਨੂੰ ਚਾਰ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਸੀਸੀਟੀਵੀ ਫੁਟੇਜ ਤੇ ਚਸ਼ਮਦੀਦ ਗਵਾਹਾਂ ਦੇ ਅਨੁਸਾਰ, ਚਾਰੇ ਹਮਲਾਵਰ ਚਿੱਟੇ ਰੰਗ ਦੀ ਹੁੰਡਈ ਆਈ 20 ਕਾਰ ਵਿੱਚ ਆਏ ਸਨ ਤੇ ਵਿੱਕੀ ਦੀ ਉਡੀਕ ਕਰ ਰਹੇ ਸਨ, ਜੋ ਸ਼ਨੀਵਾਰ ਸਵੇਰੇ ਇੱਕ ਪ੍ਰਾਪਰਟੀ ਡੀਲਰ ਨੂੰ ਮਿਲਣ ਗਿਆ ਸੀ। ਜਦੋਂ ਹਮਲਾਵਰਾਂ ਵਿੱਚੋਂ ਦੋ ਕਾਰ ਵਿੱਚ ਬੈਠੇ ਰਹੇ, ਬਾਕੀ ਦੋ ਨੇ ਵਿੱਕੀ ਦਾ ਪਿੱਛਾ ਕੀਤਾ ਤੇ ਉਸ 'ਤੇ ਵਾਰ-ਵਾਰ ਗੋਲੀਆਂ ਚਲਾਈਆਂ।
ਸਵੇਰੇ 10:30 ਵਜੇ ਦੇ ਕਰੀਬ ਵਿੱਕੀ ਜਿਵੇਂ ਹੀ ਆਪਣੀ ਐਸਯੂਵੀ ਵਿੱਚ ਬੈਠਣ ਲੱਗਾ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ 'ਤੇ ਫਾਇਰਿੰਗ ਕਰ ਦਿੱਤੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲੇ ਤੋਂ ਬਾਅਦ ਹਮਲਾਵਰ ਸੈਕਟਰ 76 ਰਾਹੀਂ ਖਰੜ ਵੱਲ ਭੱਜ ਗਏ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, ਗੋਲੀ ਚਲਾਉਣ ਵਾਲਿਆਂ ਵਿੱਚੋਂ ਇੱਕ ਤੇ ਕਾਰ ਵਿੱਚ ਬੈਠੇ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਕਿਹਾ, “ਅਸੀਂ ਜਲਦੀ ਹੀ ਨਾਵਾਂ ਦਾ ਖੁਲਾਸਾ ਵੀ ਕਰਾਂਗੇ।"