ਮਹਿਤਾਬ-ਉਦ-ਦੀਨ
ਚੰਡੀਗੜ੍ਹ: ਦੇਸ਼ ਵਿੱਚ ਕਈ ਅਹਿਮ ਮੁੱਦਿਆਂ ਉੱਪਰ ਘਿਰੀ ਕੇਂਦਰ ਵਿਚਲੀ ਬੀਜੇਪੀ ਸਰਕਾਰ ਨੇ ਮਿਸ਼ਨ-2024 ਲਈ ਖਾਸ ਤਿਆਰੀ ਕੀਤੀ ਜਾ ਰਹੀ ਹੈ। ਬੀਜੇਪੀ ਵੱਲੋਂ 2024 ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਰਾਮ ਮੰਦਰ ਨੂੰ ਵੱਡਾ ਮੁੱਦਾ ਬਣਾਇਆ ਜਾਵੇਗਾ। ਪਾਰਟੀ ਸੂਤਰਾਂ ਦਾ ਮੰਨਣਾ ਹੈ ਕਿ ਇਹ ਧਾਰਮਿਕ ਮੁੱਦੇ ਸਾਹਮਣੇ ਦੂਜੇ ਸਾਰੇ ਮਸਲੇ ਬੌਣੇ ਹੋ ਜਾਣਗੇ।


ਤਾਜ਼ਾ ਜਾਣਕਾਰੀ ਮੁਤਾਬਕ ਅਯੁੱਧਿਆ ’ਚ ਸ਼੍ਰੀਰਾਮ ਮੰਦਿਰ ਦੀ ਸਥਾਪਨਾ ਦਾ ਕੰਮ ਸਾਲ 2025 ਤੱਕ ਮੁਕੰਮਲ ਹੋ ਸਕੇਗਾ ਪਰ ਸ਼ਰਧਾਲੂਆਂ ਨੂੰ ਦਸੰਬਰ 2023 ’ਚ ਹੀ ਪੂਜਾ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਸ਼੍ਰੀਰਾਮ ਮੰਦਿਰ ਨਿਰਮਾਣ ਕਮੇਟੀ ਇਸ ਪਵਿੱਤਰ ਮੰਦਿਰ ਦੀ ਉਸਾਰੀ ਦੇ ਕਾਰਜ ਉੱਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਦੇ ਸਾਬਕਾ ਪ੍ਰਿਸੀਪਲ ਸਕੱਤਰ ਨ੍ਰਿਪੇਂਦਰ ਮਿਸ਼ਰਾ ਇਸ ਕਮੇਟੀ ਦੇ ਮੁਖੀ ਹਨ।

 

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਚਾਹੁੰਦੀ ਹੈ ਕਿ ਸਾਲ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼ਰਧਾਲੂਆਂ ਨੂੰ ਸ਼੍ਰੀਰਾਮ ਮੰਦਿਰ ਵਿੱਚ ਪੂਜਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। ਸਥਾਪਨਾ ਤੇ ਨਿਰਮਾਣ ਕਾਰਜਾਂ ਨੂੰ ਅੰਤਿਮ ਛੋਹਾਂ ਹੌਲੀ-ਹੌਲੀ ਦਿੱਤੀਆਂ ਜਾਂਦੀਆ ਰਹਿਣਗੀਆਂ। ਸੂਤਰਾਂ ਅਨੁਸਾਰ ਸ਼੍ਰੀਰਾਮ ਮੰਦਿਰ ਦੇ ਗ੍ਰਭ ਗ੍ਰਹਿ ਤੇ ਪਹਿਲੀ ਮੰਜ਼ਲ ਦਾ ਨਿਰਮਾਣ ਦਸੰਬਰ 2023 ਤੱਕ ਮੁਕੰਮਲ ਹੋ ਜਾਵੇਗਾ। ਉਸ ਤੋਂ ਬਾਅਦ ਸ਼ਰਧਾਲੂ ਉੱਥੇ ਰਾਮ ਲੱਲਾ ਅੱਗੇ ਪ੍ਰਾਰਥਨਾ ਕਰ ਸਕਣਗੇ।

 

ਇਹ ਵੀ ਪਤਾ ਲੱਗਾ ਹੈ ਕਿ ਦੇਸ਼ ਭਰ ਤੋਂ ਸ਼ਰਧਾਲੂਆਂ ਤੇ ਕਾਰ ਸੇਵਕਾਂ ਨੇ ਜਿਹੜੀਆਂ ਬਹੁਤ ਕੀਮਤੀ ਇੱਟਾਂ ਸ਼੍ਰੀਰਾਮ ਮੰਦਿਰ ਦੇ ਨਿਰਮਾਣ ਲਈ ਭੇਜੀਆਂ ਸਨ, ਉਨ੍ਹਾਂ ਦੀ ਵਰਤੋਂ ਇਸ ਉਸਾਰੀ ਲਈ ਨਹੀਂ ਕੀਤੀ ਜਾਵੇਗੀ। ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਅਯੁੱਧਿਆ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਜਿਹੜੀ ਵਰਕਸ਼ਾਪ ਕਾਰਸੇਵਕਪੁਰਮ ਵਿਖੇ ਚਲਾਈ ਜਾ ਰਹੀ ਹੈ, ਉੱਥੇ ਤਿਆਰ ਹੋਏ ਖ਼ਾਸ ਪੱਥਰਾਂ ਦੀ ਮਦਦ ਨਾਲ ਹੀ ਇਸ ਪਵਿੱਤਰ ਮੰਦਿਰ ਦੀ ਉਸਾਰੀ ਕੀਤੀ ਜਾਵੇਗੀ।

 

ਸੂਤਰਾਂ ਨੇ ਦੱਸਿਆ ਕਿ ਮੁੱਖ ਮੰਦਿਰ ਸਿਰਫ਼ ਪੱਥਰਾਂ ਨਾਲ ਹੀ ਉੱਸਰੇਗਾ। ਕਾਰ ਸੇਵਕਾਂ ਦੀਆਂ ਇੱਟਾਂ ਵਿੱਚ ਉਨ੍ਹਾਂ ਪੱਥਰਾਂ ਜਿੰਨੀ ਤਾਕਤ ਨਹੀਂ। ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਕਰਦਿਆਂ ਇਨ੍ਹਾਂ ਇੱਟਾਂ ਦੀ ਵਰਤੋਂ ਮੰਦਿਰ ਕੰਪਲੈਕਸ ਦੇ ਕਿਸੇ ਹੋਰ ਹਿੱਸੇ ਵਿੱਚ ਤਾਂ ਕਰ ਲਈ ਜਾਵੇਗੀ ਪਰ ਮੁੱਖ ਮੰਦਿਰ ਸਿਰਫ਼ ਵਿਸ਼ੇਸ਼ ਤੌਰ ਉੱਤੇ ਉਕੇਰੇ ਗਏ ਪੱਥਰਾਂ ਨਾਲ ਹੀ ਤਿਆਰ ਹੋਣਾ ਹੈ।

 

ਦੱਸ ਦੇਈਏ ਕਿ 1989 ’ਚ ਜਦੋਂ ਸ਼੍ਰੀਰਾਮ ਮੰਦਿਰ ਦੀ ਉਸਾਰੀ ਲਈ ਦੇਸ਼ ਭਰ ਵਿੱਚ ਅੰਦੋਲਨ ਚੱਲ ਰਿਹਾ ਸੀ, ਤਦ ਕਾਰ ਸੇਵਕਾਂ ਨੇ ਬਹੁਤ ਸਾਰੀਆਂ ਇੱਟਾਂ ਤੇ ਸ਼ਿਲਾਵਾਂ ਇਕੱਠੀਆਂ ਕਰ ਲਈਆਂ ਸਨ; ਜਿਨ੍ਹਾਂ ਉੱਤੇ ‘ਸ਼੍ਰੀਰਾਮ’ ਵੱਖੋ-ਵੱਖਰੀਆਂ ਭਾਸ਼ਾਵਾਂ ’ਚ ਲਿਖਿਆ ਹੋਇਆ ਹੈ। ਪਿਛਲੇ ਤਿੰਨ ਦਹਾਕਿਆਂ ਤੋਂ ਇਹ ਇੱਟਾਂ ਕਾਰਸੇਵਕਪੁਰਮ ਵਿਖੇ ਹੀ ਪਈਆਂ ਹਨ। ਇੱਥੇ ਮੌਜੁਦ ਵਰਕਸ਼ਾਪ ਵਿੱਚ ਹੀ ਵਿਸ਼ੇਸ਼ ਪੱਥਰ ਉਕੇਰੇ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਇਸ ਮੰਦਿਰ ’ਚ ਹੋਣੀ ਹੈ।

 

ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਸ਼੍ਰੀਰਾਮ ਮੰਦਿਰ ਦੇ ਨਿਰਮਾਣ ਦੀ ਚਿਰੋਕਣੀ ਉਡੀਕ ਹੈ। ਇਸ ਮੰਦਿਰ ਦੇ 40,000 ਕਿਊਬਿਕ ਫ਼ੁੱਟ ਇਲਾਕੇ ਵਿੱਚ ਉਕੇਰੇ ਹੋਏ (CARVED) ਪੱਥਰਾਂ ਦੀ ਹੀ ਵਰਤੋਂ ਹੋਣੀ ਹੈ। ਇਸ ਢਾਂਚੇ ਵਿੱਚ ਕਿਤੇ ਵੀ ਸਟੀਲ ਦੀ ਨਹੀਂ, ਸਗੋਂ ਤਾਂਬੇ ਦੀ ਵਰਤੋਂ ਕੀਤੀ ਜਾਵੇਗੀ। ਇਸ ਮੰਦਿਰ ਦੀ ਨੀਂਹ 12 ਮੀਟਰ ਡੂੰਘੀ ਪੁੱਟੀ ਗਈ ਹੈ ਤੇ ਉਸ ਦਾ ਮਲਬਾ ਵੀ ਬਹੁਤ ਜ਼ਿਆਦਾ ਹੈ, ਜਿਸ ਨੂੰ ਟਿਕਾਣੇ ਲਾਇਆ ਜਾ ਰਿਹਾ ਹੈ। ਕੁੱਲ 70 ਲੱਖ ਕਿਊਬਿਕ ਫ਼ੁੱਟ ਮਿੱਟੀ ਇਸ ਨਿਰਮਾਣ ਕਾਰਜ ਲਈ ਪੁੱਟੀ ਗਈ ਹੈ। ਇਸ ਮੰਦਿਰ ਦੀ ਉਸਾਰੀ ਰਵਾਇਤੀ ਤਰੀਕੇ ਨਾਲ ਹੀ ਕੀਤੀ ਜਾਵੇਗੀ।

 

ਨੀਂਹ ਵਾਲੀ ਥਾਂ ਉੱਤੇ ਕੁੱਲ 1.25 ਲੱਖ ਕਿਊਬਿਕ ਮੀਟਰ ਜਗ੍ਹਾ ’ਤੇ ਭਰਾਓ ਪਾਇਆ ਜਾਣਾ ਹੈ, ਜਿਸ ਵਿੱਚੋਂ ਹਾਲੇ 71,000 ਕਿਊਬਿਕ ਮੀਟਰ ਰਕਬੇ ’ਚ ਇਹ ਭਰਤ ਪਿਆ ਹੈ। ਇਸ ਮੰਦਿਰ ਦੀ ਉਸਾਰੀ ਉੱਤੇ 1,000 ਕਰੋੜ ਰੁਪਏ ਖ਼ਰਚ ਹੋਣੇ ਹਨ। ਸ਼੍ਰੀਰਾਮ ਜਨਮਭੂਮੀ ਤੀਰਥ ਕਸ਼ੇਤਰ ਟ੍ਰੱਸਟ ਕੋਲ ਪਹਿਲਾਂ ਇਸ ਮੰਤਵ ਲਈ ਸ਼ਰਧਾਲੂਆਂ ਦੇ ਦਾਨ ਦੇ 3,000 ਕਰੋੜ ਰੁਪਏ ਇਕੱਠੇ ਹੋ ਚੁੱਕੇ ਹਨ। ਇਹ ਜਾਣਕਾਰੀ ਟ੍ਰੱਸਟ ਦੇ ਮੁਖੀ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਚੰਪਤ ਰਾਏ ਨੇ ਦਿੱਤੀ।