Punjab Breaking News LIVE: ਅਮਰੀਕਾ 'ਚ ਲਗਾਤਾਰ ਹੋ ਰਹੇ ਸਿੱਖਾਂ 'ਤੇ ਹਮਲੇ, ਦੋ ਸਿੱਖਾਂ 'ਤੇ ਹਮਲੇ ਮਗਰੋਂ ਸ੍ਰੋਮਣੀ ਕਮੇਟੀ ਫਿਕਰਮੰਦ
Punjab Breaking News, 13 April 2022 LIVE Updates: ਅਮਰੀਕੀ ਸ਼ਹਿਰ ਨਿਊਯਾਰਕ ਦੇ ਰਿਚਮੰਡ ਹਿੱਲ 'ਚ ਦੋ ਸਿੱਖਾਂ 'ਤੇ ਹਮਲਾ ਹੋਇਆ ਹੈ। ਸ਼ਿਕਾਇਤ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
LIVE
Background
Punjab Breaking News, 13 April 2022 LIVE Updates: ਪੰਜਾਬੀਆਂ ਨੂੰ ਜਲਦੀ ਹੀ 300 ਯੂਨਿਟ ਮੁਫਤ ਬਿਜਲੀ ਮਿਲੇਗੀ। ਪੰਜਾਬ ਸਰਕਾਰ ਨੇ ਇਸ ਬਾਰੇ ਤਿਆਰੀ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕਰਨਗੇ। ਇਹ ਸਹੂਲਤ ਲਾਗੂ ਹੋਣ ਨਾਲ ਸਰਕਾਰੀ ਖਜ਼ਾਨੇ 'ਤੇ 23,300 ਕਰੋੜ ਦਾ ਵਿੱਤੀ ਬੋਝ ਪਏਗਾ ਜਿਸ ਨਾਲ ਪਹਿਲਾਂ ਹੀ ਕਰਜ਼ਾਈ ਪੰਜਾਬ ਸਰਕਾਰ ਹੋਰ ਵਿੱਤੀ ਸੰਕਟ ਵਿੱਚ ਘਿਰ ਜਾਵੇਗੀ।
ਦਰਅਸਲ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਜਿੱਥੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦਾ ਦਬਾਅ ਹੈ, ਉੱਥੇ ਵਿਰੋਧੀ ਧਿਰ ਵੀ ਉਸ 'ਤੇ ਨਿਸ਼ਾਨਾ ਸਾਧ ਰਹੀ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਦਿੱਲੀ 'ਚ ਹੋਈ ਵਿਵਾਦਤ ਮੀਟਿੰਗ 'ਚ ਵੀ ਇਹੀ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਚਰਚਾ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਮਗਰੋਂ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ਉੱਪਰ ਚਰਚਾ ਕੀਤੀ ਹੈ।
ਪੰਜਾਬ ਦੇ ਅਫ਼ਸਰਾਂ ਦੀ ਅਰਵਿੰਦ ਕੇਜਰੀਵਾਲ ਵੱਲੋਂ ਲਈ ਗਈ ਮੀਟਿੰਗ ਦੇ ਵਿਵਾਦਾਂ 'ਚ ਆਉਣ ਮਗਰੋਂ ਸੀਐਮ ਭਗਵੰਤ ਮਾਨ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਦੇ ਅੰਤ ਤੱਕ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਉਧਰ, ਜੇਕਰ ਸਰਕਾਰ ਇਸ ਸਹੂਲਤ ਦਿੰਦੀ ਹੈ ਤਾਂ ਸਰਕਾਰੀ ਖਜ਼ਾਨੇ 'ਤੇ 23,300 ਕਰੋੜ ਦਾ ਵਿੱਤੀ ਬੋਝ ਪਏਗਾ। ਇਹ ਫੰਡ ਕਿੱਥੋਂ ਆਉਣਗੇ, ਸਰਕਾਰ ਲਈ ਵੱਡਾ ਸਵਾਲ ਇਹੀ ਹੈ। ਪਾਵਰਕੌਮ ਨੇ ਵੀ ਆਪਣੀ ਫੈਕਟਸ਼ੀਟ ਤੇ ਸੁਝਾਅ ਸਰਕਾਰ ਨੂੰ ਸੌਂਪ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕਦੇ ਵੀ ਇਸ ਦਾ ਐਲਾਨ ਕਰ ਸਕਦੀ ਹੈ।
ਦੱਸ ਦਈਏ ਕਿ ਪੰਜਾਬ 'ਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਮੁੱਦਾ ਜਿੱਥੇ ਸਿਆਸੀ ਹੈ, ਉੱਥੇ ਇਹ ਅਰਥਚਾਰੇ ਨਾਲ ਵੀ ਜੁੜਿਆ ਹੋਇਆ ਹੈ। ਪਾਵਰਕੌਮ ਦੇ ਮਾਹਿਰਾਂ ਅਨੁਸਾਰ ਜੇਕਰ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇ ਤਾਂ ਕੁੱਲ ਸਾਲਾਨਾ ਖਰਚਾ 23,300 ਕਰੋੜ ਰੁਪਏ ਬਣਦਾ ਹੈ। ਜਦਕਿ ਇਕੱਲੀ ਪੰਜਾਬ ਸਰਕਾਰ ਦਾ ਕੁੱਲ ਬਜਟ ਘਾਟਾ 24000 ਕਰੋੜ ਰੁਪਏ ਸਾਲਾਨਾ ਹੈ। ਇਸ ਵਿੱਚੋਂ ਕਰੀਬ 14000 ਕਰੋੜ ਰੁਪਏ ਦਾ ਬੋਝ ਪਾਵਰਕੌਮ 'ਤੇ ਪਵੇਗਾ। ਜੇਕਰ ਸਰਕਾਰ 300 ਯੂਨਿਟਾਂ ਨੂੰ ਪਾਰ ਕਰਦੇ ਹੀ ਪੂਰਾ ਬਿੱਲ ਲੈ ਲੈਂਦੀ ਹੈ ਤਾਂ ਬੋਝ 7000 ਕਰੋੜ 'ਤੇ ਆ ਜਾਵੇਗਾ। ਇਸ ਵੇਲੇ ਸਰਕਾਰ ਕਿਸਾਨਾਂ ਨੂੰ 7000 ਕਰੋੜ ਰੁਪਏ ਦੀ ਮੁਫ਼ਤ ਬਿਜਲੀ ਦੇ ਰਹੀ ਹੈ, ਜਦਕਿ ਉਦਯੋਗਾਂ ਨੂੰ 5 ਯੂਨਿਟ ਬਿਜਲੀ ਦੇਣ ਲਈ 2300 ਕਰੋੜ ਰੁਪਏ ਦਾ ਖ਼ਰਚਾ ਵੱਖਰਾ ਹੈ।
ਕਾਂਗਰਸ ਸਰਕਾਰ 'ਚ ਸੇਲ ਆਫ਼ ਪਾਵਰ ਦਾ ਰੇਟ ਤਾਂ 5 ਰੁਪਏ ਰੱਖਿਆ, ਪਰ ਵੱਖਰੇ ਤੌਰ 'ਤੇ ਤੈਅ ਚਾਰਜ ਇੰਨੇ ਲਗਾਏ ਗਏ ਕਿ ਪ੍ਰਤੀ ਯੂਨਿਟ ਕੀਮਤ 7-8 ਰੁਪਏ ਹੋ ਗਈ। ਬਿਜਲੀ ਮਾਮਲਿਆਂ ਦੇ ਮਾਹਿਰ ਵਿਜੇ ਤਲਵੜ ਦਾ ਕਹਿਣਾ ਹੈ ਕਿ ਬਿਜਲੀ ਖੇਤਰ ਲਈ ਚੁਣੌਤੀ ਇਹ ਹੈ ਕਿ ਜਦੋਂ ਤੋਂ ਸਰਕਾਰ ਨੇ ਮੁਫ਼ਤ ਬਿਜਲੀ ਦੇਣੀ ਸ਼ੁਰੂ ਕੀਤੀ ਹੈ, ਉਦੋਂ ਤੋਂ ਕਦੇ ਵੀ ਉਹ ਆਪਣੀ ਬਿੱਲ ਨਹੀਂ ਚੁਕਾ ਸਕੀ। ਸਰਕਾਰ ਟੈਕਸ ਲਾ ਕੇ 5000 ਕਰੋੜ ਕਮਾ ਲੈਂਦੀ ਹੈ, ਉਸੇ ਦਾ ਇੱਕ ਹਿੱਸਾ ਬਿੱਲ 'ਚ ਜਮ੍ਹਾਂ ਕਰਵਾ ਦਿੰਦੀ ਹੈ, ਬਾਕੀ ਬਕਾਇਆ ਰਹਿੰਦਾ ਹੈ।
Jallianwala Bagh massacre: ਅਸ਼ਵਨੀ ਸ਼ਰਮਾ ਨੇ ਜਲਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ
ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਦਲੇਰੀ, ਕੁਰਬਾਨੀ ਅਤੇ ਬਹਾਦਰੀ ਦਾ ਪ੍ਰਤੱਖ ਪ੍ਰਮਾਣ ਰਹੀ ਹੈ। ਉਨ੍ਹਾਂ ਕਿਹਾ ਕਿ ਤਤਕਾਲੀਨ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ ਜਿੱਥੋਂ ਦੇ ਸਭ ਤੋਂ ਵੱਧ ਬਹਾਦਰਾਂ ਨੇ ਦੇਸ਼ ਦੀ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਅਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਬਹਾਦਰ ਯੋਧਿਆਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਦੇਸ਼ ਕਦੇ ਵੀ ਭੁਲਾ ਨਹੀਂ ਸਕਦੀ।
Harpal Cheema: ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਵੈੱਬਸਾਈਟ ਜਾਰੀ
ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਕਿਸਾਨਾਂ ਦੀ ਸਹੂਲਤ ਲਈ ਅੱਜ ‘ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ’ ਦੀ ਵੈੱਬਸਾਈਟ www.agribankpunjab.dronicsoft.com ਲਾਂਚ ਕੀਤੀ। ਉਦਘਾਟਨ ਤੋਂ ਬਾਅਦ ਚੀਮਾ ਨੇ ਕਿਹਾ ਕਿ ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਵਧੇਰੇ ਸੁਧਾਰ ਆਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਸਕੀਮਾਂ ਅਤੇ ਕਰਜ਼ਾ ਲੈਣ ਦੀ ਪ੍ਰਕਿਰਿਆਵਾਂ ਬਾਰੇ ਅਸਾਨੀ ਨਾਲ ਵਧੇਰੀ ਜਾਣਕਾਰੀ ਮਿਲੇਗੀ। ਉਨਾਂ ਆਸ ਪ੍ਰਗਟਾਈ ਕਿ ਇਹ ਦੋ ਭਾਸ਼ੀ ਵੈੱਬਸਾਈਟ ਬੈਂਕ ਦੀ ਪਹੁੰਚ ਨੂੰ ਨਵੀਂ ਪੀੜੀ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਤੱਕ ਵੀ ਵਧਾਵੇਗੀ । ਬੈਂਕ ਵੱਲੋਂ ਫਾਇਨਾਂਸ ਕੀਤੇ ਗਏ ਪ੍ਰੋਜੈਕਟ ਅਤੇ ਕਿਸਾਨਾਂ ਦੀ ਸਫ਼ਲਤਾਵਾਂ ਦੀਆਂ ਕਹਾਣੀਆਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਨਗੀਆਂ।
Punjab CM: ਕੇਂਦਰ ਸਰਕਾਰ ਨੂੰ ਸੰਗੁੜੇ ਹੋਏ ਦਾਣਿਆਂ ਲਈ ਢਿੱਲ ਦੇਣ ਦੀ ਅਪੀਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਕਣਕ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਸੁੰਗੜੇ ਹੋਏ ਦਾਣਿਆਂ ਦੇ ਨਿਯਮਾਂ ਨੂੰ ਮੁੜ ਵਿਚਾਰਨ ਲਈ ਸੂਬਾ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਨਿਯਮਾਂ ਵਿਚ ਢਿੱਲ ਦੇਣ ਦੇ ਮਸਲੇ ਉਤੇ ਛੇਤੀ ਹੁਕਮ ਜਾਰੀ ਕਰਨ ਲਈ ਅਪੀਲ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੰਡੀਆਂ ਵਿੱਚ 14.9 ਲੱਖ ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ ਜਿਸ ਵਿੱਚੋਂ 12 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ 5 ਲੱਖ ਮੀਟਰਕ ਟਨ ਦੀ ਆਮਦ ਹੋਈ ਜਿਸ ਵਿੱਚੋਂ 2 ਲੱਖ ਮੀਟਰਕ ਟਨ ਤੋਂ ਵੱਧ ਦੀ ਖਰੀਦ ਉਸੇ ਦਿਨ ਹੀ ਕਰ ਲਈ ਗਈ।
Punjab News: ਆਰ.ਡੀ.ਐਫ਼ ਦਾ ਪੈਸਾ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿੱਚ ਲੱਗੇਗਾ
ਪੰਜਾਬ ਦੇ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਵਿਸ਼ੇਸ਼ ਫੰਡ ਰੂਰਲ ਡਿਵੈਲਪਮੈਂਟ ਫ਼ੰਡ (ਆਰ.ਡੀ.ਐਫ਼) ਦਾ ਸਹੀ ਤਰੀਕੇ ਨਾਲ ਉਪਯੋਗ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਰ.ਡੀ. ਐਕਟ, 1987 ਵਿੱਚ ਸੋਧ ਕਰਨ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਵਾਗਤ ਕੀਤਾ ਹੈ ਅਤੇ ਇਸ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਹੈ। ‘ਆਪ’ ਦੇ ਸੀਨੀਅਰ ਆਗੂਆਂ ਮਾਲਵਿੰਦਰ ਸਿੰਘ ਕੰਗ, ਨੀਲ ਗਰਗ ਅਤੇ ਡਾ. ਸੰਨੀ ਆਹਲੂਵਾਲੀਆ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਆਰ.ਡੀ.ਐਫ਼ ਦਾ ਪੈਸਾ ਪੰਜਾਬ ਦੇ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿੱਚ ਲੱਗੇਗਾ। ਇਸ ਫੰਡ ਦਾ ਸਹੀ ਉਪਯੋਗ ਹੋਣ ਨਾਲ ਪੇਂਡੂ ਖੇਤਰ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਨੂੰ ਕਾਫ਼ੀ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਫੰਡ ਦਾ ਦੁਰਉਪਯੋਗ ਕੀਤਾ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਹ ਫੰਡ ਰੋਕ ਦਿੱਤਾ ਸੀ।
Sunil Jakhar: ਸੁਨੀਲ ਜਾਖੜ ਦੀਆਂ ਵਧੀਆਂ ਮੁਸ਼ਕਲਾਂ
ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਐਸਸੀ ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਨੋਟਿਸ ਭੇਜ ਕੇ 15 ਦਿਨਾਂ ਦੇ ਅੰਦਰ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਕਰਨ ਲਈ ਕਿਹਾ ਹੈ। ਐਸਸੀ ਕਮਿਸ਼ਨ ਨੇ ਇਹ ਕਦਮ ਇੱਕ ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਉਠਾਇਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਲੀਡਰਸ਼ਿਪ ਬਾਰੇ ਟਿੱਪਣੀ ਕੀਤੀ ਸੀ ਜਿਸ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜਿਆ ਜਾ ਰਿਹਾ ਹੈ। ਇਸ ਮਗਰੋਂ ਐਸਸੀ ਭਾਈਚਾਰੇ ਨੇ ਸੁਨੀਲ ਜਾਖੜ ਦਾ ਸਖਤ ਵਿਰੋਧ ਕੀਤਾ ਸੀ। ਇਸ ਟਿੱਪਣੀ 'ਤੇ ਐਸਸੀ ਸਮਾਜ ਦੇ ਲੋਕਾਂ ਨੇ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕਰਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਸੀ।