Punjab Breaking News LIVE: ਪੰਜਾਬ 'ਚ ਬਿਜਲੀ ਸੰਕਟ ਗਹਿਰਾਇਆ, ਹੁਣ ਤੋਂ ਹੀ ਕੱਟ ਲੱਗਣੇ ਸ਼ੁਰੂ, ਮੰਗ 7500 ਮੈਗਾਵਾਟ ਤੇ ਸਪਲਾਈ ਸਿਰਫ 4400 ਮੈਗਾਵਾਟ
Punjab Breaking News, 14 April 2022 LIVE Updates: ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਪਾਵਰਕੌਮ ਦੇ ਕੋਲ ਸਾਰੇ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ ਸਿਰਫ਼ 4400 ਮੈਗਾਵਾਟ ਦੇ ਕਰੀਬ ਹੀ ਹੈ।
LIVE
Background
Punjab Breaking News, 14 April 2022 LIVE Updates: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਘਿਰ ਗਏ ਹਨ। ਮਾਈਨਿੰਗ ਮਾਮਲੇ ’ਚ ਨਾਂ ਆਉਣ ਮਗਰੋਂ ਈਡੀ ਨੇ ਚਰਨਜੀਤ ਚੰਨੀ 'ਤੇ ਸ਼ਿਕੰਜਾ ਕੱਸ ਦਿੱਤਾ ਹੈ। ਈਡੀ ਨੇ ਚੰਨੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤਾ ਹੈ। ਦਰਅਸਲ 'ਚ ਨਾਜਾਇਜ਼ ਰੇਤ ਮਾਈਨਿੰਗ ਮਾਮਲੇ ’ਚ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਟਿਕਾਣਿਆਂ ਤੋਂ ਈਡੀ ਦੀ ਟੀਮ ਨੇ 10 ਕਰੋੜ ਰੁਪਏ ਤੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਸੀ।
ਇਸ ਮਾਮਲੇ ’ਚ 30 ਮਾਰਚ ਨੂੰ ਈਡੀ ਦੀ ਟੀਮ ਨੇ ਹਨੀ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਸੀ। ਇਸ ਤੋਂ ਬਾਅਦ 6 ਅਪ੍ਰੈਲ ਨੂੰ ਜਲੰਧਰ ਸਥਿਤ ਈਡੀ ਦੀ ਵਿਸ਼ੇਸ਼ ਅਦਾਲਤ ’ਚ ਮਾਮਲੇ ਦੀ ਸੁਣਵਾਈ ਤੋਂ ਬਾਅਦ ਹਨੀ ਨੂੰ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ। ਹਨੀ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਮਾਸੜ ਚਰਨਜੀਤ ਸਿੰਘ ਚੰਨੀ ਦੇ ਇਸ਼ਾਰੇ ’ਤੇ ਨਾਜਾਇਜ਼ ਮਾਈਨਿੰਗ ਕਰਵਾ ਕੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਬਦਲੇ ’ਚ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਈਡੀ ਦੀ ਟੀਮ ਨੇ ਹਨੀ ਦੇ ਲੁਧਿਆਣਾ ਸਮੇਤ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ 10 ਕਰੋੜ ਬਰਾਮਦ ਕੀਤੇ ਸਨ।
ਇਸ ਤੋਂ ਇਲਾਵਾ ਹਨੀ ਦੇ ਕੋਲੋਂ ਲੱਖਾਂ ਰੁਪਏ ਦੀ ਕੀਮਤੀ ਘੜੀਆਂ ਤੇ ਹੋਰ ਸਮੱਗਰੀ ਬਰਾਮਦ ਕੀਤੀ ਸੀ। ਇਸ ਦੀ ਪੜਤਾਲ ਲਈ ਈਡੀ ਨੇ ਹਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਹਨੀ ਦੇ ਟਿਕਾਣੇ ਤੋਂ ਮਿਲੇ ਦਸਤਾਵੇਜਾਂ ਦੀ ਪੜਤਾਲ ਵੀ ਕੀਤੀ ਗਈ ਕਿ ਹਨੀ ਕੋਲ ਆਖ਼ਰ 10 ਕਰੋੜ ਰੁਪਏ ਕਿੱਥੋਂ ਆਏ। ਕਿਤੇ ਇਹ ਰਕਮ ਉਸ ਨੇ ਚੰਨੀ ਦੀ ਨਾਜਾਇਜ਼ ਕਮਾਈ ਦੇ ਹਿੱਸੇ ਦੇ ਰੂਪ ’ਚ ਤਾਂ ਨਹੀਂ ਰੱਖੀ ਸੀ।
ਦੱਸਣਯੋਗ ਹੈ ਕਿ ਈਡੀ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਹਨੀ ਨੇ ਮੰਨਿਆ ਹੈ ਕਿ ਰੇਤ ਦੀ ਗ਼ੈਰ-ਕਾਨੂੰਨੀ ਮਾਈਨਿੰਗ ਤੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਦੇ ਬਦਲੇ ਉਸ ਦੇ ਟਿਕਾਣਿਆਂ ਤੋਂ ਪ੍ਰਾਪਤ ਪੈਸਾ ਕਮਾਇਆ ਗਿਆ ਸੀ। ਉਦੋਂ ਤੋਂ ਚੰਨੀ ਈਡੀ ਦੇ ਨਿਸ਼ਾਨੇ ’ਤੇ ਸੀ ਕਿਉਂਕਿ ਈਡੀ ਨੂੰ ਸ਼ੱਕ ਹੈ ਕਿ ਹਨੀ ਚੰਨੀ ਦੀ ਸਹਿਮਤੀ ਤੋਂ ਬਿਨਾਂ ਇਹ ਕੰਮ ਨਹੀਂ ਕਰ ਸਕਦਾ।
ਬਿਜਲੀ ਖਰੀਦ ਸਮਝੌਤੇ ਵੀ ਕੀਤੇ
ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੂਨ ਤੋਂ ਪਾਵਰਕੌਮ ਆਪਣੀ ਪਛਵਾੜਾ (ਝਾਰਖੰਡ) ਖਾਨ ਵਿੱਚੋਂ ਕੋਲੇ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਇਸ ਨਾਲ ਸਥਿਤੀ ਵਿੱਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਗਏ ਹਨ।
Electricity crisis in Punjab: ਬੁੱਧਵਾਰ ਨੂੰ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਪਾਰ ਹੋਈ
ਬਿਜਲੀ ਮਹਿਕਮੇ ਦੀ ਸੂਤਰਾਂ ਮੁਤਾਬਕ ਕਹਿਰ ਦੀ ਗਰਮੀ ਕਾਰਨ ਸੂਬੇ 'ਚ ਬੁੱਧਵਾਰ ਨੂੰ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਪਾਰ ਹੋਈ। ਇਸ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਆਪਣੇ ਥਰਮਲਾਂ ਰੋਪੜ ਤੇ ਲਹਿਰਾ ਮੁਹੱਬਤ ਤੋਂ 1400 ਮੈਗਾਵਾਟ, ਹਾਈਡਲ ਪ੍ਰਾਜੈਕਟਾਂ ਤੋਂ 420 ਮੈਗਾਵਾਟ, ਨਿੱਜੀ ਪਲਾਂਟਾਂ ਤੋਂ 2506 ਮੈਗਾਵਾਟ ਤੇ ਸੋਲਰ ਅਤੇ ਹੋਰ ਸਰੋਤਾਂ ਤੋਂ ਕੁੱਲ 4400 ਮੈਗਾਵਾਟ ਬਿਜਲੀ ਹਾਸਲ ਕੀਤੀ। ਅਜਿਹੀ ਸਥਿਤੀ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 2900 ਮੈਗਾਵਾਟ ਬਿਜਲੀ ਬਾਹਰੋਂ ਖਰੀਦੀ ਪਰ ਫਿਰ ਵੀ ਮੰਗ ਅਤੇ ਸਪਲਾਈ ਦੇ ਪਾੜੇ ਕਾਰਨ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਕਟੌਤੀਆਂ ਦਾ ਸਾਹਮਣਾ ਕਰਨਾ ਪਿਆ।
Coal Shortage: ਸਿੱਧੇ ਤੌਰ 'ਤੇ 540 ਮੈਗਾਵਾਟ ਦੀ ਬਿਜਲੀ ਸਪਲਾਈ ਘਟੀ
ਇਸ ਸਮੇਂ ਤਲਵੰਡੀ ਸਾਬੋ 'ਚ ਡੇਢ ਦਿਨ, ਰੋਪੜ 'ਚ 9, ਲਹਿਰਾ ਮੁਹੱਬਤ 'ਚ 7, ਰਾਜਪੁਰਾ 'ਚ 15 ਦਿਨਾਂ ਦਾ ਕੋਲਾ ਮੌਜੂਦ ਹੈ, ਜਦੋਂਕਿ ਇਸ ਪਲਾਂਟ ਦੇ ਦੋ ਯੂਨਿਟ ਕੋਲਾ ਖ਼ਤਮ ਹੋਣ ਕਾਰਨ ਮੰਗਲਵਾਰ ਨੂੰ ਬੰਦ ਹੋ ਗਏ ਹਨ, ਜੋ ਬੁੱਧਵਾਰ ਨੂੰ ਵੀ ਬੰਦ ਰਹੇ। ਇਸ ਨਾਲ ਸਿੱਧੇ ਤੌਰ 'ਤੇ 540 ਮੈਗਾਵਾਟ ਦੀ ਬਿਜਲੀ ਸਪਲਾਈ ਘਟ ਗਈ। ਬੁੱਧਵਾਰ ਨੂੰ ਵੀ ਤਲਵੰਡੀ ਸਾਬੋ ਵਿੱਚ 660 ਮੈਗਾਵਾਟ ਦਾ ਇੱਕ ਯੂਨਿਟ ਤੇ ਰੋਪੜ ਵਿੱਚ 210 ਮੈਗਾਵਾਟ ਦਾ ਇੱਕ ਯੂਨਿਟ ਬੰਦ ਰਿਹਾ। ਇਸ ਤਰ੍ਹਾਂ ਕੁੱਲ 1410 ਮੈਗਾਵਾਟ ਬਿਜਲੀ ਦੀ ਸਪਲਾਈ ਨਹੀਂ ਹੋ ਸਕੀ।
Electricity crisis: ਪੇਂਡੂ ਖੇਤਰਾਂ ਵਿੱਚ ਚਾਰ ਤੋਂ ਪੰਜ ਘੰਟੇ ਦੇ ਕੱਟ
ਬੇਸ਼ੱਕ ਪਾਵਰਕੌਮ ਨੇ ਇਸ ਪਾੜੇ ਨੂੰ ਪੂਰਾ ਕਰਨ ਲਈ ਬਾਹਰੋਂ ਬਿਜਲੀ ਮੰਗਵਾਈ, ਪਰ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਬੁੱਧਵਾਰ ਨੂੰ ਪੇਂਡੂ ਖੇਤਰਾਂ ਵਿੱਚ ਚਾਰ ਤੋਂ ਪੰਜ ਘੰਟੇ ਤੇ ਕੰਢੀ ਖੇਤਰਾਂ ਵਿੱਚ ਛੇ ਘੰਟੇ ਬਿਜਲੀ ਦਾ ਕੱਟ ਲਾਉਣਾ ਪਿਆ। ਉਂਝ ਬਿਜਲੀ ਮਹਿਕਮਾ ਕੱਟ ਲਾਉਣ ਦੇ ਐਲਾਨ ਤੋਂ ਇਨਕਾਰ ਕਰ ਰਿਹਾ ਹੈ।
Punjab Coal Shortage: ਪੰਜਾਬ ਵੱਡੇ ਬਿਜਲੀ ਸੰਕਟ 'ਚ ਘਿਰਿਆ
ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਸੰਕਟ ਜਾਰੀ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਪੂਰੀ ਤਰ੍ਹਾਂ ਬੰਦ ਹੋਣ ਤੇ ਤਲਵੰਡੀ ਸਾਬੋ ਤੇ ਰੋਪੜ ਵਿਖੇ ਇੱਕ-ਇੱਕ ਯੂਨਿਟ ਮੁਕੰਮਲ ਤੌਰ 'ਤੇ ਬੰਦ ਹੋਣ ਕਾਰਨ ਸੂਬੇ 'ਚ ਬਿਜਲੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਬੁੱਧਵਾਰ ਨੂੰ ਪੈ ਰਹੀ ਕੜਾਕੇ ਦੀ ਗਰਮੀ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ 7500 ਮੈਗਾਵਾਟ ਤੋਂ ਵੱਧ ਦਰਜ ਕੀਤੀ ਗਈ, ਜਦੋਂਕਿ ਪਾਵਰਕੌਮ ਦੇ ਕੋਲ ਸਾਰੇ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ ਸਿਰਫ਼ 4400 ਮੈਗਾਵਾਟ ਦੇ ਕਰੀਬ ਹੀ ਹੈ।