ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਪਬਲਿਕ ਟਰਾਂਸਪੋਰਟ ‘ਤੇ ਲੱਗੀਆਂ ਪਾਬੰਦੀਆਂ ‘ਚ ਕੁਝ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਰਾਜ ਟਰਾਂਸਪੋਰਟ ਅੰਡਰਟੇਕਿੰਗ ਬੱਸਾਂ ਨੂੰ ਬੁੱਧਵਾਰ ਤੋਂ ਵੱਡੇ ਸ਼ਹਿਰਾਂ ਅਤੇ ਜਿ਼ਲ੍ਹਾਂ ਹੈਡਕੁਆਟਰਾਂ ਦਰਮਿਆਨ ਪੁਆਇੰਟ ਤੋਂ ਪੁਆਇੰਟ ਤੱਕ ਚੋਣਵੇਂ ਰੂਟਾਂ ‘ਤੇ ਚੱਲਣ ਦੀ ਇਜਾਜ਼ਤ ਦਿੱਤੀ ਜਾਏਗੀ ਅਤੇ ਇਨ੍ਹਾਂ ਬੱਸਾਂ ‘ਚ ਸਿਰਫ 50% ਯਾਤਰੀ ਸਫਰ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਬੱਸਾਂ ਸਿਰਫ ਬੱਸ ਸਟੈਂਡਾਂ ਤੋਂ ਚੱਲਣਗੀਆਂ, ਜਿੱਥੇ ਬੱਸਾਂ ਵਿੱਚ ਚੜ੍ਹਨ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਜਾਏਗੀ।

ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਇਹ ਯਕੀਨੀ ਬਣਾਏਗਾ ਕਿ ਬੱਸਾਂ ਜਾਂ ਹੋਰ ਟ੍ਰਾਂਸਪੋਰਟ ਚਲਾਉਣ ਸਮੇਂ ਕੋਵਿਡ-19 ਸਬੰਧੀ ਸਿਹਤ ਅਤੇ ਸਫਾਈ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪਬਲਿਕ ਟ੍ਰਾਂਸਪੋਰਟ ‘ਚ ਸਫਰ ਦੌਰਾਨ ਸਾਰੇ ਯਾਤਰੀਆਂ ਵਲੋਂ ਸਮਾਜਿਕ ਦੂਰੀ ਕਾਇਮ ਰੱਖੀ ਜਾਵੇ, ਮਾਸਕ ਪਹਿਨ ਜਾਣ ਅਤੇ ਸਾਰੇ ਯਾਰਤੀਆਂ ਦੇ ਹੱਥ ਡਰਾਈਵਰਾਂ ਦੁਆਰਾ ਦਿੱਤੇ ਸੈਨੀਟਾਈਜ਼ਰ ਨਾਲ ਹੱਥ ਸਾਫ ਕੀਤੇ ਜਾਣ।



ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਢਿੱਲ ਪੰਜਾਬ ਸੂਬੇ ਵਿੱਚ ਲਾਗੂ ਹੈ ਅਤੇ ਨਾਲ ਹੀ ਕੰਟੇਨਮੈਂਟ ਜ਼ੋਨਾਂ ਵਿੱਚ ਅਜੇ ਬੱਸਾਂ ਨਹੀਂ ਚਲਣਗੀਆਂ। ਰਜ਼ੀਆ ਸੁਲਤਾਨਾ ਨੇ ਕਿਹਾ ਕਿ ਟੈਕਸੀ, 4 ਪਹੀਆ ਵਾਹਨ ਚਾਲਕਾਂ ਅਤੇ ਕੈਬ ਐਗਰੀਗੇਟਰਾਂ ਲਈ ਨਵੀਆਂ ਪਾਬੰਦੀਆਂ ਲਾਗੂ ਹਨ, ਹੁਣ ਵਿਅਕਤੀਆਂ ਦੀ ਗਿਣਤੀ ਇੱਕ ਡਰਾਈਵਰ ਅਤੇ ਦੋ ਯਾਤਰੀਆਂ ਤੱਕ ਸੀਮਿਤ ਹੋਵੇਗੀ।

ਇਸੇ ਤਰ੍ਹਾਂ ਰਿਕਸ਼ਾ ਅਤੇ ਆਟੋ ਰਿਕਸ਼ਾ ਲਈ ਗਿਣਤੀ ਇੱਕ ਡਰਾਈਵਰ ਅਤੇ 2 ਯਾਤਰੀਆਂ ਤੱਕ ਸੀਮਿਤ ਰਹੇਗੀ। ਇਸੇ ਤਰ੍ਹਾਂ ਦੋ ਪਹੀਆ ਵਾਹਨ ਅਤੇ ਸਾਈਕਲਾਂ ਲਈ ਇਹ ਗਿਣਤੀ ਇੱਕ ਰਾਈਡਰ ਜਾਂ ਪਤਨੀ ਅਤੇ ਪਤੀ ਜਾਂ ਇੱਕ ਨਾਬਾਲਿਗ ਬੱਚੇ ਦੇ ਨਾਲ ਰਾਈਡਰ ਤੱਕ ਸੀਮਿਤ ਹੋਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904