Cabinet Meeting: ਮੰਤਰੀ ਮੰਡਲ ਦੇ ਵਿਸਥਾਰ ਅਤੇ ਤਬਦੀਲੀ ਤੋਂ ਬਾਅਦ ਹੁਣ ਸਰਕਾਰ ਨੇ ਸ਼ਾਮ ਪੰਜ ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ। ਇਸ ਤੋਂ ਇਲਾਵਾ ਸ਼ਾਮ ਸੱਤ ਵਜੇ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਵੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦਾ ਵਿਸਤਾਰ ਅਤੇ ਫੇਰਬਦਲ ਕੀਤਾ ਗਿਆ ਹੈ। ਇਸ ਵਿੱਚ 36 ਨਵੇਂ ਚਿਹਰੇ ਸ਼ਾਮਲ ਹੋਏ ਹਨ, ਜਦੋਂਕਿ ਸੱਤ ਮੌਜੂਦਾ ਰਾਜ ਮੰਤਰੀਆਂ ਦੀ ਵੀ ਤਰੱਕੀ ਦਿੱਤੀ ਗਈ ਹੈ।


 


ਬੁੱਧਵਾਰ ਸ਼ਾਮ 6 ਵਜੇ ਸ਼ੁਰੂ ਹੋਏ ਸਹੁੰ ਚੁੱਕ ਪ੍ਰੋਗਰਾਮ ਵਿਚ 43 ਨੇਤਾਵਾਂ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਵਿਚ 15 ਨੇਤਾਵਾਂ ਨੇ ਕੈਬਨਿਟ ਵਜੋਂ ਅਤੇ 28 ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਵਿੱਚ ਸੱਤ ਔਰਤਾਂ ਸ਼ਾਮਲ ਹਨ। ਭਾਜਪਾ ਦੇ ਸਹਿਯੋਗੀ ਪਾਰਟੀਆਂ ਦੇ ਤਿੰਨ ਨੇਤਾਵਾਂ ਨੂੰ ਮੰਤਰੀਆਂ ਦੀ ਸਹੁੰ ਚੁਕਾਈ ਗਈ।


 


ਮੰਤਰੀ ਮੰਡਲ ਦੇ ਵਿਸਥਾਰ ਅਤੇ ਫੇਰਬਦਲ ਤੋਂ ਬਾਅਦ ਹੁਣ ਵਿਭਾਗਾਂ ਦੀ ਵੰਡ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸਹਿਕਾਰਤਾ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਤੋਂ ਇਲਾਵਾ ਅੱਜ ਸਹੁੰ ਚੁੱਕਣ ਵਾਲੇ ਮਨਸੁਖ ਮੰਡਵੀਆ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ। ਜਦਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੀ ਦੇਖਭਾਲ ਕਰਨਗੇ।


 


ਤੁਹਾਨੂੰ ਦੱਸ ਦੇਈਏ ਕਿ ਮਨਸੁਖ ਮੰਡਵੀਆ ਨੂੰ ਸਿਹਤ ਮੰਤਰਾਲੇ ਦੇ ਨਾਲ ਕੈਮੀਕਲ ਅਤੇ ਖਾਦ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਹੁਣ 30 ਕੈਬਨਿਟ ਮੰਤਰੀ 53 ਮੰਤਰਾਲਿਆਂ ਨੂੰ ਸੰਭਾਲਣਗੇ। ਯਾਨੀ ਕਈ ਮੰਤਰੀਆਂ ਨੂੰ ਦੋ ਮੰਤਰਾਲੇ ਸੌਂਪੇ ਜਾਣਗੇ।