ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਨੇ ਪੰਜਾਬ ਦੇ ਨਾਲ ਹੀ ਦੇਸ਼ ਦੀ ਸਿਆਸਤ ਵਿੱਚ ਭੂਚਾਲ ਲੈ ਆਂਦਾ ਹੈ। ਸਿਆਸੀ ਮਾਹਿਰ ਕਈ ਤਰ੍ਹਾਂ ਦੇ ਕਿਆਸ ਲਾ ਰਹੇ ਹਨ ਪਰ ਕੈਪਟਨ ਜਾਂ ਬੀਜੇਪੀ ਵੱਲੋਂ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਜਾ ਰਿਹਾ। ਕੈਪਟਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਬਾਰੇ ਗ੍ਰਹਿ ਮੰਤਰੀ ਨਾਲ ਚਰਚਾ ਕੀਤੀ ਹੈ।
ਹੁਣ ਸਵਾਲ ਉੱਠ ਰਹੇ ਹਨ ਕਿ ਆਖਰ ਕੈਪਟਨ ਨੇ ਪੰਜਾਬ ਦੇ ਗੰਭੀਰ ਮੁੱਦਿਆਂ ਬਾਰੇ ਕੇਂਦਰੀ ਗ੍ਰਹਿ ਮੰਤਰੀ ਨਾਲ ਕਿਸ ਹੈਸੀਅਤ ਵਿੱਚ ਗੱਲਬਾਤ ਕੀਤੀ ਜਦੋਂਕਿ ਇਸ ਵੇਲੇ ਉਹ ਸਿਰਫ ਵਿਧਾਇਕ ਹਨ। ਇਸ ਲਈ ਕੈਪਟਨ ਦੇ ਦਾਅਵਿਆਂ ਦੀ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਦੀ ਆਪਣੀ ਪਾਰਟੀ ਕਾਂਗਰਸ ਵੱਲੋਂ ਵੀ ਅਲੋਚਨਾ ਕੀਤੀ ਜਾ ਰਹੀ ਹੈ।
ਕਿਸਾਨ ਲੀਡਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਕੇਂਦਰ ਕੋਲ ਜਾ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਪੁਖ਼ਤਾ ਢੰਗ ਨਾਲ ਨਹੀਂ ਉਠਾਇਆ ਪਰ ਹੁਣ ਉਹ ਨਾਟਕ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਨੂੰ ਪਹਿਲਾਂ ਹੀ ਚਾਹੀਦਾ ਸੀ ਕਿ ਉਹ ਕਿਸਾਨਾਂ ਦੇ ਹੱਕ ’ਚ ਖੜ੍ਹਦੇ ਤੇ ਕੇਂਦਰ ’ਤੇ ਦਬਾਅ ਬਣਾ ਕੇ ਖੇਤੀ ਕਾਨੂੰਨ ਰੱਦ ਕਰਵਾਉਂਦੇ।
ਉਧਰ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਲਜ਼ਾਮ ਲਾਇਆ ਕਿ ਅਮਿਤ ਸ਼ਾਹ ਦੀ ਰਿਹਾਇਸ਼ ਦਲਿਤ ਵਿਰੋਧੀ ਰਾਜਨੀਤੀ ਦਾ ਕੇਂਦਰ ਬਣ ਗਈ ਹੈ। ਟਵੀਟ ਕਰਦਿਆਂ ਕਾਂਗਰਸ ਲੀਡਰ ਨੇ ਕਿਹਾ ਕਿ ਸੱਤਾ ਵਿੱਚ ਬੈਠੇ ਲੋਕਾਂ ਦੀ ਹਉਮੈ ਨੂੰ ਸੱਟ ਵੱਜੀ ਹੈ ਕਿਉਂਕਿ ਦਲਿਤ ਨੂੰ ਮੁੱਖ ਮੰਤਰੀ ਬਣਾਏ ਜਾਣ ਉਤੇ ਉਹ ਪੁੱਛ ਰਹੇ ਹਨ ਕਿ ਕਾਂਗਰਸ ਵਿਚ ਫ਼ੈਸਲੇ ਕੌਣ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਹ ਤੇ ਮੋਦੀ ਬਦਲੇ ਦੀ ਅੱਗ ’ਚ ਸੜ ਰਹੇ ਹਨ ਕਿਉਂਕਿ ਕਿਸਾਨਾਂ ਦੇ ਵਿਰੋਧ ਕਾਰਨ ਉਹ ਆਪਣੇ ਪੂੰਜੀਵਾਦੀ ਮਿੱਤਰਾਂ ਦੇ ਹਿੱਤ ਨਹੀਂ ਪੂਰ ਸਕੇ ਹਨ। ਉਹ ਪੰਜਾਬ ਤੋਂ ਬਦਲਾ ਲੈਣਾ ਚਾਹੁੰਦੇ ਹਨ।
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਖੇਤੀ ਕਾਨੂੰਨ ਰੱਦ ਕਰਨ ਤੇ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ,‘‘ਮੈਂ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਿਆ ਹਾਂ। ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਬੇਨਤੀ ਕੀਤੀ ਕਿ ਉਹ ਫੌਰੀ ਕਾਨੂੰਨ ਰੱਦ ਕਰਕੇ ਸੰਕਟ ਦਾ ਹੱਲ ਕਰਨ ਤੇ ਐਮਐਸਪੀ ਦੀ ਗਾਰੰਟੀ ਦੇਣ। ਇਸ ਦੇ ਨਾਲ ਪੰਜਾਬ ’ਚ ਫ਼ਸਲੀ ਵਿਭਿੰਨਤਾ ਨੂੰ ਹਮਾਇਤ ਦਿੱਤੀ ਜਾਵੇ।’’