ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਸੂਬੇ 'ਚ ਲਾਗੂ ਕੀਤੀ ਤਾਲਾਬੰਦੀ ਆਮ ਲੋਕਾਂ ਦੀ ਜਾਨ ਲੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਬੇਸਹਾਰਾ ਛੱਡ ਠੰਡੀਆਂ ਵਾਦੀਆਂ ਵਿੱਚ ਸੁੱਤੀ ਕੈਪਟਨ ਸਰਕਾਰ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਦੋਸ਼ ਲਾਇਆ ਕਿ ਕੋਰੋਨਾ, ਤਾਲਾਬੰਦੀ ਅਤੇ ਬੇਰੁਜਗਾਰੀ ਕਾਰਨ ਪੈਦਾ ਹੋਈ ਆਰਥਿਕ ਤੰਗੀ ਕਰਕੇ ਹੋਈਆਂ ਮੌਤਾਂ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ।

 

ਮੰਗਲਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਫੈਲੀ ਕੋਰੋਨਾ ਮਹਾਮਾਰੀ ਭਾਵੇਂ ਕੁਦਰਤੀ ਆਫਤ ਹੈ, ਪਰ ਮਹਾਮਾਰੀ ਅਤੇ ਆਫਤ ਕਾਰਨ ਹੋਏ ਮਾੜੇ ਹਲਾਤ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੂਬੇ ਦੀ ਸੱਤਾਧਾਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਹੈ। 

 

ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਕੋਰੋਨਾ ਮਹਾਮਾਰੀ ਅਤੇ ਇਸ ਕਾਰਨ ਪੈਦਾ ਹੋਏ ਮਾੜੇ ਹਲਾਤ ਵਿੱਚ ਸੂਬਾ ਵਾਸੀਆਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਿੱਧ ਹੋਈ ਹੈ। ਸਗੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਾਰਾ ਜੋਰ ਤਾਲਾਬੰਦੀ ਲਾਗੂ ਕਰਨ ਅਤੇ ਲੋਕਾਂ ਦੀ ਕੁੱਟਮਾਰ ਕਰਨ 'ਤੇ ਹੀ ਲਾਈ ਰੱਖਿਆ ਹੈ। ਕੈਪਟਨ ਸਰਕਾਰ ਦੀ ਪੁਲਿਸ ਕਿਤੇ ਸਬਜ਼ੀ ਵਾਲੇ ਦੀ ਰੇਹੜੀ 'ਤੇ ਲੱਤਾਂ ਮਾਰਦੀ ਫਿਰਦੀ ਹੈ ਅਤੇ ਕਿਤੇ ਲੋਕਾਂ ਦੇ ਚਲਾਨ ਕੱਟਣ 'ਤੇ ਲੱਗੀ ਹੋਈ ਹੈ।

 

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰ 'ਚ ਸੂਬਾ ਵਾਸੀਆਂ ਦੀ ਕੋਈ ਬਾਂਹ ਨਹੀਂ ਫੜੀ। ਲੋਕਾਂ ਦੇ ਰੁਜਗਾਰ ਬੰਦ ਹੋ ਕੇ ਰਹਿ ਗਏ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿੱਚ ਇੱਕ ਪਰਿਵਾਰ ਦੀਆਂ ਤਿੰਨ ਪੀੜੀਆਂ ਖਤਮ ਹੋ ਗਈਆਂ ਅਤੇ ਲੁਧਿਆਣਾ ਵਿੱਚ ਜਿੰਮ ਦਾ ਕਾਰੋਬਾਰ ਬੰਦ ਹੋਣ ਕਾਰਨ ਪ੍ਰੇਸਾਨ ਕਾਰੋਬਾਰੀ ਨੌਜਵਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਕੈਪਟਨ ਵੱਲੋਂ ਕੀਤੀ ਤਾਲਾਬੰਦੀ ਕਾਰਨ ਵਪਾਰ ਬੰਦ ਹੋ ਕੇ ਰਹਿ ਗਏ, ਪਰ ਦੁਕਾਨਾਂ ਅਤੇ ਹੋਰ ਥਾਵਾਂ ਦੇ ਕਿਰਾਏ, ਖਰਚੇ ਅਤੇ ਬਿਜਲੀ ਦੇ ਬਿੱਲ ਉਸੇ ਤਰ੍ਹਾਂ ਚੱਲ ਰਹੇ ਹਨ।