ਲੁਧਿਆਣਾ: ਮੁੱਲਾਂਪੁਰ ਦਾਖਾ 'ਚ ਅੱਠ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਣ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਪਹੁੰਚੇ। ਪਰ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਹੀ ਉਨ੍ਹਾਂ ਦੇ ਦਿੱਤੇ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੱਤੇ। ਬੱਸ ਸਟੈਂਡ ਦੇ ਨੀਂਹ ਪੱਥਰ ਦੇ ਪ੍ਰੋਗਰਾਮ 'ਚ ਰੱਜ ਕੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਦਿਖਾਈ ਦਿੱਤੀਆਂ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੱਲੋਂ ਪ੍ਰੋਗਰਾਮ 'ਚ ਵੱਡਾ ਇਕੱਠ ਕੀਤਾ ਗਿਆ। ਇਸ ਦੌਰਾਨ ਕਰੀਬ ਇੱਕ ਹਜ਼ਾਰ ਦੇ ਇਕੱਠ ਦੇ ਨਾਲ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਪੁਲਿਸ ਦੇ ਨਾਲ-ਨਾਲ ਸੀਨੀਅਰ ਅਫ਼ਸਰ ਵੀ ਮੌਕੇ 'ਤੇ ਮੌਜੂਦ ਰਹੇ। ਉਨ੍ਹਾਂ ਦੇ ਸਾਹਮਣੇ ਕੋਰੋਨਾ ਨਿਯਮਾਂ ਦੀ ਧੱਜੀਆਂ ਉੱਡ ਰਹੀਆਂ ਸੀ। ਇਸ ਦੌਰਾਨ ਨਾਂ ਤਾਂ ਬਹੁਤੇ ਲੋਕਾਂ ਨੇ ਮਾਸਕ ਲਗਾਇਆ ਹੋਇਆ ਸੀ ਅਤੇ ਨਾ ਹੀ ਆਪਸ ਵਿੱਚ ਕੋਈ ਦਾਇਰਾ ਬਣਾਇਆ ਸੀ। ਐਸਐਸਪੀ ਮੁੱਲਾਂਪੁਰ ਦਾਖਾ ਵੀ ਸਰਕਾਰ ਦਾ ਪੱਖ ਪੂਰਦੇ ਹੋਏ ਵਿਖਾਈ ਦਿੱਤੇ।
ਇਸ ਸੰਬੰਧੀ ਜਦੋਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਦਾ ਧਿਆਨ ਰੱਖਦੀ ਹੈ ਪਰ ਮੁੱਲਾਂਪੁਰ ਦਾਖਾ ਵਾਸੀਆਂ ਦੀ ਇਹ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ। ਇਸੇ ਕਰਕੇ ਲੋਕਾਂ ਦੇ ਵਿਚ ਇਹ ਉਤਸ਼ਾਹ ਵੇਖਦਿਆਂ ਇੰਨਾ ਵੱਡਾ ਇਕੱਠ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਕਰਕੇ ਵਿਕਾਸ ਕਾਰਜ ਸੂਬੇ 'ਚ ਲਗਾਤਾਰ ਤੇਜ਼ੀ ਨਾਲ ਚੱਲ ਰਹੇ ਹਨ।
ਉਧਰ ਦੂਜੇ ਪਾਸੇ ਮੁੱਲਾਂਪੁਰ ਦਾਖਾ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਹ ਇਕ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ, ਇਸ ਕਰਕੇ ਵੱਡਾ ਇਕੱਠ ਹੋਇਆ। ਉਨ੍ਹਾਂ ਕਿਹਾ ਕਿ ਇੰਨੀ ਜ਼ਿਆਦਾ ਕੁਰਸੀਆਂ ਉਨ੍ਹਾਂ ਵੱਲੋਂ ਨਹੀਂ ਮੰਗਾਈਆਂ ਗਈਆਂ ਸੀ। ਪਰ ਲੋਕ ਆਪਣੇ ਆਪ ਉਤਸ਼ਾਹਿਤ ਹੋ ਕੇ ਇੱਥੇ ਵੱਡੀ ਤਾਦਾਦ ਵਿੱਚ ਪਹੁੰਚੇ ਹਨ।
ਨਾਲ ਹੀ ਜਦ ਮੁੱਲਾਂਪੁਰ ਦਾਖਾ ਦੇ ਐਸਐਸਪੀ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹ ਸਰਕਾਰ ਦਾ ਪੱਖ ਪੂਰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਆਦਾ ਇਕੱਠ ਨਹੀਂ ਹੋਇਆ ਹੈ। ਪਰ ਐਸਐਸਪੀ ਸਾਹਿਬ ਜੋ ਕਿ ਆਮ ਲੋਕਾਂ ਦੇ ਅਕਸਰ ਮਾਸਕ ਨਾ ਪਾਉਣ ਤੇ ਤਾੜਦੇ ਹੋਏ ਉਨ੍ਹਾਂ ਦੇ ਚਲਾਨ ਕੱਟਦੇ ਹੋਏ ਵਿਖਾਈ ਦਿੰਦੇ ਹਨ, ਉਹ ਅੱਜ ਚੁੱਪ ਨਜ਼ਰ ਆਏ ਅਤੇ ਲੁਧਿਆਣਾ ਮੁੱਲਾਂਪੁਰ ਦਾਖਾ ਦੇ ਵਿੱਚ ਅੱਜ ਹੋਈ ਕੋਵਿਡ ਨਿਯਮਾਂ ਦੀ ਧੱਜੀਆਂ 'ਤੇ ਪਰਦੇ ਪਾਉਂਦੇ ਵਿਖਾਈ ਦਿੱਤੇ।