ਨਵੀਂ ਦਿੱਲੀ: ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਵਾਲੀ ਹੈ। ਆਫ਼ਤ ਪ੍ਰਬੰਧਨ ਬਾਰੇ ਕੌਮੀ ਸੰਸਥਾ (ਐਨਆਈਡੀਐਮ) ਦੇ ਅਧੀਨ ਗਠਿਤ ਮਾਹਿਰਾਂ ਦੀ ਕਮੇਟੀ ਨੇ ਇਸ ਬਾਰੇ ਖੁਲਾਸਾ ਕੀਤਾ ਹੈ। ਕਮੇਟੀ ਨੇ ਚਿਤਾਵਨੀ ਦਿੱਤੀ ਹੈ ਕਿ ਅਕਤੂਬਰ ਦੇ ਅਖੀਰ ਵਿੱਚ ਕਰੋਨਾਵਾਇਰਸ ਦੀ ਤੀਜੀ ਲਹਿਰ ਆਪਣੇ ਸਿਖਰ ’ਤੇ ਹੋਵੇਗੀ। ਗ੍ਰਹਿ ਮੰਤਰਾਲੇ ਦੇ ਹੁਕਮਾਂ ਤਹਿਤ ਗਠਿਤ ਕਮੇਟੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸੌਂਪੀ ਰਿਪੋਰਟ ਵਿੱਚ ਬੱਚਿਆਂ, ਜਿਨ੍ਹਾਂ ਨੂੰ ਸ਼ਾਇਦ ਤੀਜੀ ਲਹਿਰ ਦੌਰਾਨ ਸਭ ਤੋਂ ਵੱਧ ਜੋਖ਼ਮ ਦਰਪੇਸ਼ ਰਹੇਗਾ, ਲਈ ਹੁਣ ਤੋਂ ਹੀ ਬਿਹਤਰ ਤਿਆਰੀਆਂ ਕਰਨ ਦੀ ਸਲਾਹ ਦਿੱਤੀ ਹੈ। ਕਮੇਟੀ ਨੇ ਆਪਣੀ ਰਿਪੋਰਟ ’ਚ ਤੀਜੀ ਲਹਿਰ ਦੇ ਬੱਚਿਆਂ ’ਤੇ ਪੈਣ ਵਾਲੇ ਅਸਰਾਂ ਤੇ ਇਸ ਨਾਲ ਨਜਿੱਠਣ ਲਈ ਤਿਆਰੀਆਂ ਬਾਰੇ ਅਧਿਐਨ ਪੇਸ਼ ਕੀਤਾ ਹੈ। ਰਿਪੋਰਟ ਅਨੁਸਾਰ ਬੱਚਿਆਂ ਦੇ ਮਾਹਿਰਾਂ, ਸਟਾਫ਼, ਵੈਟੀਲੇਟਰਾਂ, ਐਂਬੂਲੈਂਸਾਂ ਤੇ ਹੋਰ ਅਜਿਹੇ ਬੰਦੋਬਸਤ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਨ੍ਹਾਂ ਨਾਲ ਵੱਡੀ ਗਿਣਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਸੰਭਾਲਿਆ ਜਾ ਸਕੇ। ਰਿਪੋਰਟ ’ਚ ਕਿਹਾ ਕਿ ਤੀਜੀ ਲਹਿਰ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਜੁਲਾਈ ਦੇ ਆਖਰੀ ਹਫ਼ਤੇ ਕਰੋਨਾ ਦੇ ਕੇਸ ਵਧਣ ਦੀ ਦਰ 0.9 ਤੋਂ 1 ਫੀਸਦ ਵਧ ਗਈ ਸੀ। ਰਿਪੋਰਟ ’ਚ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਟੀਕਾਕਰਨ ਤੇ ਦਿਵਿਆਂਗ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਕਮੇਟੀ ਦੇ ਮਾਹਿਰਾਂ ਨੇ ਮੁੱਢਲੇ ਸਿਹਤ ਕੇਂਦਰਾਂ ਤੇ ਕਮਿਊਨਿਟੀ ਸਿਹਤ ਕੇਂਦਰਾਂ ’ਚ ਬੱਚਿਆਂ ਦੇ ਮਾਹਿਰਾਂ ਦੀ ਘਾਟ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ।
ਭਾਰਤ ‘ਚ ਕੋਰੋਨਾਵਾਇਰਸ ਦਾ ਕਹਿਰ ਅਜੇ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਜੇ ਵੀ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 25 ਹਜ਼ਾਰ 467 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂਕਿ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 354 ਰਹੀ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।
39 ਹਜ਼ਾਰ 486 ਲੋਕ ਠੀਕ ਹੋਏ ਹਨ
ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 39 ਹਜ਼ਾਰ 486 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਤਿੰਨ ਕਰੋੜ 17 ਲੱਖ 20 ਹਜ਼ਾਰ 112 ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਐਕਟਿਵ ਕੇਸ ਤਿੰਨ ਲੱਖ 19 ਹਜ਼ਾਰ 551 ਤੱਕ ਆ ਗਏ ਹਨ।