ਨਵੀਂ ਦਿੱਲੀ: ਸਯੁੰਕਤ ਕਿਸਾਨ ਮੋਰਚਾ ਦੇ ਚੱਕਾ ਜਾਮ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਾਰੀ ਸਮਰਥਨ ਮਿਲਿਆ। ਇਸ ਤੋਂ ਬਾਅਦ ਅੱਜ ਸ਼ਾਮ ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਸੰਸਦ ਵਿੱਚ, ਖੇਤੀਬਾੜੀ ਮੰਤਰੀ ਨੇ ਇਹ ਕਹਿ ਕੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਦਾ ਅਪਮਾਨ ਕੀਤਾ ਕਿ ਸਿਰਫ ਇੱਕ ਰਾਜ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।  ਪਰ ਅੱਜ ਦੇ ਦੇਸ਼ ਵਿਆਪੀ ਚੱਕਾ ਜਾਮ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਵਿਰੁੱਧ ਇਕਜੁਟ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਵੇਂ ਪ੍ਰਪੋਜ਼ਲ ਨਾਲ ਆਉਣਾ ਚਾਹੀਦਾ ਹੈ। ਪਿਛਲੇ ਪ੍ਰਪੋਜ਼ਲ ਨੂੰ ਅਸੀਂ ਰੱਦ ਕਰ ਦਿੱਤਾ ਸੀ। ਹੁਣ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਅਸੀਂ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ ਪਰ ਸਰਕਾਰ ਗੱਲਬਾਤ ਦਾ ਮਾਹੌਲ ਤਿਆਰ ਕਰੇ। ਉਨ੍ਹਾਂ ਕਿਹਾ ਕਿ ਅੱਜ ਪਹਿਲਾ ਐਕਸ਼ਨ ਸੀ। ਅਸੀਂ ਆਪਣਾ ਧਿਆਨ ਅੰਦੋਲਨ ਹੋਰ ਵੱਡਾ ਕਰਨ ਵੱਲ ਦੇਵਾਂਗਾ ਤੇ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਅੱਗੇ ਵੱਧੇਗਾ।

ਕਿਸਾਨਾਂ ਦੇ ਹੱਕ 'ਚ ਦਿੱਲੀ 'ਚ ਪ੍ਰਦਰਸ਼ਨ, ਪੁਲਿਸ ਨੇ 50 ਲੋਕਾਂ ਨੂੰ ਲਿਆ ਹਿਰਾਸਤ 'ਚ

ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਸਾਰੀਆਂ ਸਾਜਿਸ਼ਾਂ ਦੇ ਬਾਵਜੂਦ, ਐਸਕੇਐਮ ਤਿੰਨੋਂ ਕਾਨੂੰਨਾਂ ਨੂੰ ਮੁਕੰਮਲ ਰੱਦ ਕਰਨ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ 'ਤੇ ਖੜਾ ਹੈ। ਅਸੀਂ ਦੁਨੀਆ ਭਰ ਤੋਂ ਸਹਿਯੋਗ ਲਈ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹਾਂ। ਕਿਸਾਨ ਇਹ ਅੰਦੋਲਨ ਕਈ ਮਹੀਨਿਆਂ ਤੋਂ ਕਰ ਰਹੇ ਹਨ।  ਇਹ ਸ਼ਰਮ ਦੀ ਗੱਲ ਹੈ ਕਿ ਸਰਕਾਰ ਦੇ ਇਸ਼ਾਰੇ 'ਤੇ ਕੁਝ ਲੋਕ ਇਸ ਅੰਦੋਲਨ ਨੂੰ "ਅੰਦਰੂਨੀ ਮਾਮਲਾ" ਕਹਿ ਕੇ ਦਬਾਉਣਾ ਚਾਹੁੰਦੇ ਹਨ, ਪਰ ਇਹ ਸਮਝਣ ਦੀ ਜ਼ਰੂਰਤ ਹੈ ਕਿ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ, ਤੰਤਰ ਨਹੀਂ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ