ਚੰਡੀਗੜ੍ਹ: ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਨੂੰ ਰਾਜਨੀਤਕ ਸਟੰਟ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖਿਲਾਫ ਪ੍ਰਚਾਰ ਕਰਨਾ ਪਾਪ ਹੈ। ਚੜੂਨੀ ਅੱਜ ਜਲੰਧਰ ਜਾਂਦਿਆਂ ਖੰਨਾ ਦੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾ ਵਿਖੇ ਰੁਕੇ ਸਨ।
ਇਸ ਮੌਕੇ ਚੜੂਨੀ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਦਲਣਾ ਰਾਜਨੀਤਕ ਸਟੰਟ ਹੈ। ਇਸ ਦੇ ਨਾਲ ਕਿਸਾਨਾਂ ਖਿਲਾਫ ਪ੍ਰਚਾਰ ਨੂੰ ਪਾਪ ਦੱਸਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਸਭ ਦੀ ਲੜਾਈ ਲੜ ਰਹੇ ਹਨ। ਦੂਜੇ ਪਾਸੇ ਚੜੂਨੀ ਨੇ ਰਾਜੇਵਾਲ ਵੱਲੋਂ ਕਾਂਗਰਸ ਤੋਂ ਇਲਾਵਾ ਬਾਕੀ ਰਾਜਨੀਤਕ ਪਾਰਟੀਆਂ ਦੇ ਪ੍ਰਚਾਰ 'ਤੇ ਰੋਕ ਲਾਉਣ ਦੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਸਾਡੇ ਲਈ ਸਾਰੀਆਂ ਪਾਰਟੀਆਂ ਇੱਕਸਾਰ ਹਨ।
ਇਸ ਦੌਰਾਨ ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਦੇ ਫੈਸਲੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੈ। ਮਿਸ਼ਨ ਪੰਜਾਬ 2022 ਨੂੰ ਵੇਖਦਿਆਂ ਪੰਜਾਬ ਦਾ ਭਲਾ ਚਾਹੁਣ ਵਾਲਿਆਂ ਨੂੰ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ ਕਰਾਂਗੇ।
ਚੜੂਨੀ ਨੇ ਅਕਾਲੀ ਦਲ ਵੱਲੋਂ ਦਿੱਲੀ ਵਿਖੇ ਕੀਤੇ ਮਾਰਚ ਨੂੰ ਮਹਿਜ ਖਾਨਾਪੂਰਤੀ ਤੇ ਮਸ਼ਕਰੀਆ ਦੱਸਿਆ। ਇਸ ਦੌਰਾਨ ਦੀਪ ਸਿੱਧੂ ਵੱਲੋਂ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਹੀਦ ਨਾ ਮੰਨਣ ਤੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੋ ਸਕਦੀ ਹੈ।