ਨਵੀਂ ਦਿੱਲੀ: ਇੱਕ ਮਹੀਨੇ ਅੰਦਰ ਭਾਰਤੀ ਹਵਾਈ ਫ਼ੌਜ ’ਚ 10 ਹੋਰ ਰਾਫ਼ੇਲ ਜਹਾਜ਼ ਸ਼ਾਮਲ ਹੋਣ ਵਾਲੇ ਹਨ। ਇਸ ਨਾਲ ਦੇਸ਼ ਦੀ ਹਵਾਈ ਫ਼ੌਜ ਦੀਤਾਕਤ ਹੋਰ ਵੀ ਵਧ ਜਾਵੇਗੀ। ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਇਨ੍ਹਾਂ 10 ਰਾਫ਼ੇਲ ਹਵਾਈ ਜਹਾਜ਼ਾਂ ਦੇ ਜੁੜਨ ਨਾਲ ਫ਼ੌਜ ਦੇ ਬੇੜੇ ਵਿੱਚ ਹੁਣ ਰਾਫ਼ੇਲ ਜੰਗੀ ਜਹਾਜ਼ਾਂ ਦੀ ਗਿਣਤੀ ਵਧ ਕੇ 21 ਹੋ ਜਾਵੇਗੀ। ਦੱਸ ਦੇਈਏ ਕਿ 11 ਰਾਫ਼ੇਲ ਪਹਿਲਾਂ ਹੀ ਦੇਸ਼ ’ਚ ਆ ਚੁੱਕੇ ਹਨ ਤੇ ਅੰਬਾਲਾ ਸਕੁਐਡਰਨ ’ਚ ਸ਼ਾਮਲ ਹਨ।

 

ਮਿਲੀ ਜਾਣਕਾਰੀ ਅਨੁਸਾਰ ਫ਼ਰਾਂਸ ਤੋਂ ਆਉਣ ਵਾਲੇ ਨਵੇਂ ਰਾਫ਼ੇਲ ਜੰਗੀ ਜਹਾਜ਼ਾਂ ਨੂੰ ਅੰਬਾਲਾ ਬੇਸ ’ਤੇ ਰੱਖਿਆ ਜਾਵੇਗਾ। ਇਨ੍ਹਾਂ ਵਿੱਚ ਕੁਝ ਹੋਰ ਰਾਫ਼ੇਲ ਨੂੰ ਬੰਗਾਲ ਦੇ ਹਾਸ਼ੀਮਾਰਾ ਬੇਸ ’ਤੇ ਭੇਜਿਆ ਜਾਵੇਗਾ; ਜਿੱਥੋਂ ਦੂਜਾ ਸਕੁਐਡਰਨ ਬਣਾਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।

 

ਹਾਸ਼ੀਮਾਰਾ ਏਅਰ ਫ਼ੋਰਸ ਸਟੇਸ਼ਨ ਭੂਟਾਨ ਕੋਲ ਹੈ। ਇਹ ਤਿੱਬਤ ਤੋਂ ਸਿਰਫ਼ 384 ਕਿਲੋਮੀਟਰ ਦੂਰ ਹੈ। ਗ਼ੌਰਤਲਬ ਹੈ ਕਿ ਭਾਰਤ ਨੇ ਸਤੰਬਰ 2016 ’ਚ ਕੁੱਲ 36 ਰਾਫ਼ੇਲ ਜੈੱਟ ਜਹਾਜ਼ਾਂ ਲਈ ਫ਼ਰਾਂਸ ਨਾਲ ਸੌਦਾ ਕੀਤਾ ਹੈ। ਅਪ੍ਰੈਲ 2021 ਤੱਕ ਇਸ ਆਰਡਰ ਅਧੀਨ ਅੱਧੇ ਤੋਂ ਵੱਧ ਰਾਫ਼ੇਲ ਦੀ ਡਿਲੀਵਰੀ ਮੁਕੰਮਲ ਹੋ ਜਾਵੇਗੀ।

 

ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਤਿੰਨ ਰਾਫ਼ੇਲ ਜਹਾਜ਼ ਫ਼ਰਾਂਸ ਤੋਂ ਸਿੱਧੇ ਉਡਾਣ ਭਰ ਕੇ ਭਾਰਤ ਪੁੱਜਣਗੇ। ਇਨ੍ਹਾਂ ਜਹਾਜ਼ਾਂ ’ਚ ਈਂਧਨ ਵੀ ਹਵਾ ’ਚ ਹੀ ਭਰਿਆ ਜਾਵੇਗਾ। ਇਸ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਦੂਜੇ ਪੰਦਰਵਾੜ੍ਹੇ ਦੌਰਾਨ ਸੱਤ ਤੋਂ ਅੱਠ ਹੋਰ ਰਾਫ਼ੇਲ ਜਹਾਜ਼ ਤੇ ਉਨ੍ਹਾਂ ਦੇ ਟ੍ਰੇਨਰ ਵਰਜ਼ਨ ਭਾਰਤ ਪੁੱਜ ਜਾਣਗੇ।

 

ਇਸ ਨਾਲ ਭਾਰਤੀ ਹਵਾਈ ਫ਼ੌਜ ਨੂੰ ਆਪਣੇ ਆਪਰੇਸ਼ਨਾਂ ’ਚ ਕਾਫ਼ੀ ਮਦਦ ਮਿਲੇਗੀ। ਭਾਰਤ ਹੁਣ 114 ਮਲਟੀ ਰੋਲ ਏਅਰਕ੍ਰਾਫ਼ਟ ਖ਼ਰੀਦਣ ਲਈ ਵੀ ਸਮਝੌਤਾ ਕਰਨ ਵਾਲਾ ਹੈ। 

 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904