ਨਵੀਂ ਦਿੱਲੀ: ਭਾਰਤੀ ਤੇ ਚੀਨੀ ਸੈਨਾ ਪੂਰਬੀ ਲੱਦਾਖ ਦੇ ਵਿਵਾਦਤ ਖੇਤਰ ਨੇੜੇ ਮਿਲਟਰੀ 'ਟਿਕਾਣਿਆਂ 'ਤੇ ਤੋਪਾਂ ਤੇ ਟੈਂਕਾਂ ਸਮੇਤ ਭਾਰੀ ਹਥਿਆਰ ਤੇ ਅਸਲਾ ਇਕੱਠਾ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ‘ਚ ਪਿਛਲੇ 25 ਦਿਨਾਂ ‘ਚ ਜਮ੍ਹਾ ਕੀਤੇ ਗਏ ਹਥਿਆਰਾਂ ਕਾਰਨ ਲੱਦਾਖ ਦੇ ਲੜਾਈ ਦਾ ਮੈਦਾਨ ਬਣਨ ਦੀ ਸੰਭਾਵਨਾ ਵਧ ਰਹੀ ਹੈ।


ਚੀਨੀ ਫੌਜ ਨੇ ਉੱਥੇ ਪੈਦਲ ਫੌਜ ਲੈ ਕੇ ਜਾਣ ਵਾਲੀ ਵੱਡੀ ਗਿਣਤੀ ਲੜਾਈ ਵਾਹਨਾਂ ਨੂੰ ਵੀ ਤਾਇਨਾਤ ਕੀਤਾ ਹੈ, ਜਿਨ੍ਹਾਂ ਨੂੰ ਕੁਝ ਘੰਟਿਆਂ ਵਿੱਚ ਭਾਰਤੀ ਖੇਤਰ ਦੇ ਨੇੜੇ ਤਾਇਨਾਤ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਭਾਰਤੀ ਫੌਜ ਨੇ ਵੀ ਚੀਨੀ ਫੌਜ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਤੇ ਉੱਥੇ ਤਾਇਨਾਤੀ ਵਧਾ ਦਿੱਤੀ ਹੈ। ਭਾਰਤੀ ਫੌਜ ਪੂਰਬੀ ਲੱਦਾਖ ਨੂੰ ਤੋਪਾਂ ਤੇ ਫੌਜੀ ਉਪਕਰਣ ਵੀ ਭੇਜ ਰਹੀ ਹੈ।


ਪੂਰਬੀ ਲੱਦਾਖ ਖੇਤਰ ਦੇ ਸਾਰੇ ਸਥਾਨਾਂ 'ਤੇ ਬਟਾਲੀਅਨ ਤੇ ਬ੍ਰਿਗੇਡ ਪੱਧਰ ‘ਤੇ ਭਾਰਤੀ ਤੇ ਚੀਨੀ ਪੱਖ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ, ਜਿਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਸੂਤਰ ਦੱਸਦੇ ਹਨ ਕਿ ਚੀਨੀ ਕਿਸੇ ਵੀ ਪੌਜ਼ੀਸ਼ਨ ਤੋਂ ਪਿੱਛੇ ਨਹੀਂ ਹਟੇ। ਭਾਰਤੀ ਤੇ ਚੀਨੀ ਸੈਨਿਕ ਵੱਖ-ਵੱਖ ਥਾਵਾਂ 'ਤੇ ਲਗਾਤਾਰ ਟਕਰਾਅ ਦਾ ਸਾਹਮਣਾ ਕਰ ਰਹੇ ਹਨ।


ਅਸਲ ਕੰਟਰੋਲ ਰੇਖਾ ਨੇੜੇ ਪੂਰਬੀ ਲੱਦਾਖ ਖੇਤਰ ‘ਚ ਚੀਨੀ ਆਰਮੀ ਦੀਆਂ ਪਿਛਲੀਆਂ ਥਾਵਾਂ ‘ਤੇ ਵੱਡੀ ਗਿਣਤੀ ‘ਚ ਕਲਾਸ ਏ ਦੇ ਵਾਹਨ ਵੇਖੇ ਜਾ ਸਕਦੇ ਹਨ। ਇਹ ਵਾਹਨ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਭਾਰਤੀ ਪਾਸੇ ਤੋਂ 25-30 ਕਿਲੋਮੀਟਰ ਦੀ ਦੂਰੀ 'ਤੇ ਤਾਇਨਾਤ ਹਨ ਤੇ ਕੁਝ ਘੰਟਿਆਂ ‘ਚ ਸਰਹੱਦ ਦੇ ਨਾਲ ਅੱਗੇ ਲਿਆਂਦੇ ਜਾ ਸਕਦੇ ਹਨ।



ਅਜਿਹਾ ਲੱਗਦਾ ਹੈ ਕਿ ਚੀਨੀ ਪੱਖ ਗੱਲਬਾਤ ਰਾਹੀਂ ਭਾਰਤ ਨੂੰ ਉਲਝਾਉਣਾ ਚਾਹੁੰਦਾ ਹੈ ਤੇ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਆਪਣਾ ਪੱਖ ਮਜ਼ਬੂਤ ਕਰਨ ਲਈ ਇਸ ਦੀ ਵਰਤੋਂ ਕਰ ਰਿਹਾ ਹੈ। ਦੂਜੇ ਪਾਸੇ ਚੀਨੀ ਪੱਖ ਕੰਟਰੋਲ ਰੇਖਾ ਦੇ ਨਾਲ-ਨਾਲ ਭਾਰਤ ਵੱਲੋਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਰੋਕ ਲਾਉਣ ਦੀ ਮੰਗ ਕਰ ਰਿਹਾ ਹੈ। ਕਲਾਜ਼ ਏ ਪੱਧਰ ਦੇ ਵਾਹਨ ਚੀਨੀ ਆਰਮੀ ਬੇਸ 'ਤੇ ਵੱਡੇ ਪੱਧਰ ‘ਤੇ ਸੈਟੇਲਾਈਟ ਚਿੱਤਰਾਂ ਵਿੱਚ ਵੇਖੇ ਜਾ ਸਕਦੇ ਹਨ।


ਭਾਰਤ ਨੇ ਵੀ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜਦੋਂ ਤੱਕ ਪੈਨਗੋਂਗ ਝੀਲ, ਗਲਵਾਨ ਵੈਲੀ ਤੇ ਲੱਦਾਖ ਦੇ ਹੋਰ ਇਲਾਕਿਆਂ ਵਿੱਚ ਪੁਰਾਣੀ ਸਥਿਤੀ ਬਹਾਲ ਨਹੀਂ ਹੁੰਦੀ ਉਦੋਂ ਤੱਕ ਉਹ ਚੁੱਪ ਨਹੀਂ ਬੈਠੇਗਾ। ਇਸ ਵਿਵਾਦਗ੍ਰਸਤ ਖੇਤਰ ਵਿੱਚ, ਭਾਰਤੀ ਹਵਾਈ ਸੈਨਾ ਗਹਿਰੀ ਹਵਾਈ ਗਸ਼ਤ ਕਰ ਰਹੀ ਹੈ।