ਜਲੰਧਰ : ਫ਼ਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਹਾ ਖ਼ਾਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਧਾਰਮਿਕ ਸ਼ਬਦ ਲਈ ਗਲਤ ਸ਼ਬਦਾਵਲੀ ਵਰਤਣ 'ਤੇ ਚਰਚ ਦੇ ਪ੍ਰਧਾਨ ਪਾਸਟਰ ਜੈਨ ਪੀਟਰ ਤੇ ਪਾਸਟਰ ਸੁਵਾਨ ਨਿਸ਼ਾਨ ਮਸੀਹ ਦੀ ਅਗਵਾਈ ਹੇਠ ਈਸਾਈ ਭਾਈਚਾਰੇ ਵੱਲੋਂ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਫ਼ਿਲਮ ਅਦਾਕਾਰਾਂ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਿਸ ਕਰਕੇ ਮਕਸੂਦਾ ਚੌਕ 'ਚ ਲੰਮਾ ਜਾਮ ਲੱਗਾ ਰਿਹਾ।

ਨਾਅਰੇਬਾਜ਼ੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਚੱਲ ਰਹੇ ਟੀਵੀ ਸੀਰੀਅਲ ਦੌਰਾਨ ਫ਼ਿਲਮ ਐਕਟਰਸ ਰਵੀਨਾ ਟੰਡਨ, ਡਾਇਰੈਕਟਰ ਫਰਹਾ ਖ਼ਾਨ ਤੇ ਭਾਰਤੀ ਸਿੰਘ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਨਾਅਰੇ ਹਾਲੇਲੂਈਆ ਨੂੰ ਗਲਤ ਬੋਲਿਆ ਗਿਆ ਸੀ ਜਿਸ ਕਾਰਨ ਸਮੂਹ ਮਸੀਹ ਭਾਈਚਾਰੇ 'ਚ ਭਾਰੀ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਫ਼ਿਸੀ ਸਿਤਾਰਿਆਂ ਖਿਲਾਫ਼ ਕੇਸ ਦਰਜ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ।



ਮਕਸੂਦਾਂ ਚੌਕ ਜਾਮ ਕਰਨ 'ਤੇ ਮੌਕੇ 'ਤੇ ਪੁੱਜੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਬਲਕਾਰ ਸਿੰਘ, ਏਸੀਪੀ ਉੱਤਰੀ ਜਸਬਿੰਦਰ ਖਹਿਰਾ, ਥਾਣਾ ਡਵੀਜ਼ਨ 1 ਦੇ ਮੁਖੀ ਸੁਖਬੀਰ ਸਿੰਘ ਆਦਿ ਨੇ ਪੁਲਿਸ ਪਾਰਟੀ ਸਣੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਸਮੂਹ ਮਸੀਹ ਭਾਈਚਾਰੇ ਨਾਲ ਗੱਲਬਾਤ ਕੀਤੀ। ਸਮੂਹ ਮਸੀਹ ਭਾਈਚਾਰੇ ਵੱਲੋਂ ਡੀਸੀਪੀ ਕਾਨੂੰਨ ਤੇ ਵਿਵਸਥਾ ਬਲਕਾਰ ਸਿੰਘ ਨੂੰ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ।