ਕੱਲ੍ਹ ਦਿੱਲੀ 'ਚ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ 120 ਸਾਲਾਂ ਬਾਅਦ ਇਹ ਦਿੱਲੀ 'ਚ ਸਭ ਤੋਂ ਠੰਡਾ ਦਸੰਬਰ ਹੈ, ਇਸ ਤੋਂ ਪਹਿਲਾਂ ਇੰਨੀ ਠੰਡ ਦਸੰਬਰ ਮਹੀਨੇ, ਸਾਲ 1901 'ਚ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ 'ਚ ਸਰਦੀਆਂ ਦਾ ਮੌਸਮ ਅਜੇ ਕੁਝ ਦਿਨ ਹੋਰ ਜਾਰੀ ਹੈ।
ਦਿੱਲੀ ਸਣੇ ਉੱਤਰੀ ਭਾਰਤ 'ਚ ਠੰਡ ਕਾਫੀ ਵਧ ਗਈ ਹੈ। ਬਰਫ ਨੇ ਪਹਾੜੀ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਦਰਾਸ 'ਚ ਤਾਪਮਾਨ ਮਾਈਨਸ 31 ਡਿਗਰੀ ਤੱਕ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਕਿ ਲੋਕ ਕਾਰ ਦੇ ਇੰਜਣ 'ਚ ਜੰਮ ਰਹੀ ਬਰਫ਼ ਨੂੰ ਹਟਾਉਣ ਲਈ ਗਰਮ ਪਾਣੀ ਪਾ ਰਹੇ ਹਨ ਤਾਂ ਜੋ ਕਾਰ ਚਾਲੂ ਹੋ ਸਕੇ।
ਇਸ ਬਰਫਬਾਰੀ 'ਚ ਕੇਦਾਰਨਾਥ ਧਾਮ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਗਿਆ। ਪਿਛਲੇ 36 ਘੰਟਿਆਂ ਤੋਂ ਲਗਾਤਾਰ ਬਰਫਬਾਰੀ ਹੋ ਰਹੀ ਹੈ। ਮੰਦਰ ਦੇ ਉੱਪਰ ਬਰਫ਼ ਜੰਮੀ ਹੈ ਅਤੇ ਬਰਫ਼ ਦੀ ਚਾਦਰ ਲਗਭਗ 6 ਫੁੱਟ ਮੋਟੀ ਜਮ੍ਹਾਂ ਹੋ ਗਈ ਹੈ। ਲਗਾਤਾਰ ਬਰਫ਼ਬਾਰੀ ਕਰਕੇ ਇੱਥੋਂ ਦਾ ਤਾਪਮਾਨ -7 ਡਿਗਰੀ ਤੱਕ ਪਹੁੰਚ ਗਿਆ ਹੈ।
ਕਸ਼ਮੀਰ 'ਚ ਤਾਪਮਾਨ ਲਗਾਤਾਰ ਘੱਟ ਰਿਹਾ ਹੈ। ਜਿਸ ਕਰਕੇ ਕਸ਼ਮੀਰ ਦੀ ਮਸ਼ਹੂਰ ਡਲ ਝੀਲ ਜੰਮ ਗਈ ਹੈ। ਹਾਲਾਂਕਿ ਸੈਲਾਨੀ ਅਜਿਹੇ ਮੌਸਮ ਦਾ ਅਨੰਦ ਲੈਂਦੇ ਹਨ, ਪਰ ਝੀਲ ਦੇ ਕਿਨਾਰੇ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਵੱਧ ਗਈ ਹੈ।
ਹਿਮਾਚਲ ਪ੍ਰਦੇਸ਼ ਦੇ ਲਾਹੌਲ 'ਚ ਠੰਡ ਤਬਾਹੀ ਮਚਾ ਰਹੀ ਹੈ, ਤਾਪਮਾਨ ਲਗਾਤਾਰ ਘੱਟ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ 'ਚ ਮੌਜੂਦਾ ਤਾਪਮਾਨ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਹਰ ਪਾਸੇ ਬਰਫ਼ ਦਿਖਾਈ ਦਿੰਦੀ ਹੈ।
ਰਾਜਸਥਾਨ ਦੇ ਮਾਉਂਟ ਆਬੂ 'ਚ ਵੀ ਠੰਡ ਇੰਨੀ ਜ਼ਿਆਦਾ ਹੈ ਕਿ ਜੇ ਰਾਤ ਨੂੰ ਘਰ ਦੇ ਬਾਹਰ ਕੁਝ ਵੀ ਛੱਡ ਦਿੱਤਾ ਜਾਵੇ ਤਾਂ ਉਹ ਪੂਰੀ ਤਰ੍ਹਾਂ ਜੰਮ ਜਾਂਦਾ ਹੈ।
ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਹਵਾ ਦੀ ਦਿਸ਼ਾ 'ਚ ਤਬਦੀਲੀ ਆਉਣ ਕਾਰਨ ਰਾਹਤ ਦੀ ਉਮੀਦ ਹੈ।