ਅਹਿਮਦਾਬਾਦ: ਗੁਜਰਾਤ 'ਚ ਸਿਹਤ ਸੇਵਾਵਾਂ ਦੀ ਹਾਲਤ ਕੋਰੋਨਾ ਦੀ ਲਾਗ ਕਾਰਨ ਗੰਭੀਰ ਹੁੰਦੀ ਨਜ਼ਰ ਆ ਰਹੀ ਹੈ। ਰੋਜ਼ਾਨਾ ਬੇਕਾਬੂ ਹੁੰਦੇ ਕੋਰੋਨਾ ਮਾਮਲਿਆਂ ਕਾਰਨ ਹਸਪਤਾਲਾਂ 'ਚ ਇਸ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ 'ਚ ਗੰਭੀਰ ਮਰੀਜ਼ਾਂ ਲਈ ਵੀ ਹਸਪਤਾਲ ਦੇ ਬਾਹਰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਕੁਝ ਅਜਿਹਾ ਹੀ ਹਾਲ ਹੈ ਸੂਬੇ ਦੀ ਰਾਜਧਾਨੀ ਅਹਿਮਦਾਬਾਦ ਦੇ ਸਿਵਲ ਹਸਪਤਾਲ ਦਾ। ਇੱਥੇ ਹਸਪਤਾਲ ਦੇ ਬਾਹਰ ਐਂਬੂਲੈਂਸਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਜਾ ਸਕਦੀਆਂ ਹਨ। ਪਿਛਲੇ 10 ਦਿਨਾਂ ਤੋਂ ਐਮਰਜੈਂਸੀ ਸੇਵਾਵਾਂ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਕੋਵਿਡ-19 ਦੇ ਮਰੀਜ਼ ਹਨ। ਇਸ ਕਾਰਨ ਅਹਿਮਦਾਬਾਦ ਦੇ ਸਿਵਲ ਹਸਪਤਾਲ 'ਚ 60 ਹੋਰ ਐਂਬੂਲੈਂਸਾਂ 'ਚ ਵਾਧਾ ਕੀਤਾ ਗਿਆ ਹੈ।
ਵਿਜੇ ਰੂਪਾਣੀ ਨੇ ਕਿਹਾ- ਸਥਿਤੀ ਕੰਟਰੋਲ 'ਚ
ਗੁਜਰਾਤ 'ਚ ਕੋਰੋਨਾ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸੂਬੇ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਾਫ਼ੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ 'ਚ ਸੂਬਾ ਸਰਕਾਰ ਵੱਲੋਂ ਕੋਈ ਚੂਕ ਨਹੀਂ ਹੋਈ ਅਤੇ ਅਸੀਂ ਪਿਛਲੇ ਇਕ ਸਾਲ ਤੋਂ ਕੋਰੋਨਾ ਵਿਰੁੱਧ ਲਗਾਤਾਰ ਮੁਕਾਬਲਾ ਕਰ ਰਹੇ ਹਾਂ। ਮੰਗਲਵਾਰ ਨੂੰ ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਐਮ ਵਿਜੇ ਰੂਪਾਣੀ ਨੇ ਕਿਹਾ ਕਿ ਗੁਜਰਾਤ 'ਚ ਸਭ ਤੋਂ ਵੱਧ ਕੇਸ ਅਹਿਮਦਾਬਾਦ, ਸੂਰਤ, ਰਾਜਕੋਟ ਸਮੇਤ ਚਾਰ ਮਹਾਂਨਗਰਾਂ ਤੋਂ 70 ਫ਼ੀਸਦੀ ਸਾਹਮਣੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਗੁਜਰਾਤ ਤੋਂ 6 ਹਜ਼ਾਰ ਕੋਰੋਨਾ ਮਾਮਲੇ ਆਏ ਹਨ। ਪਰ ਲਾਗ ਦੀ ਲੜੀ ਨੂੰ ਤੋੜਨ ਲਈ ਅਸੀਂ ਡਾਕਟਰੀ ਸਹੂਲਤ 'ਚ ਵਾਧਾ ਕੀਤਾ ਹੈ। ਆਉਣ ਵਾਲੇ ਦਿਨਾਂ 'ਚ ਗੁਜਰਾਤ ਵਿੱਚ ਕੋਰੋਨਾ ਮਾਮਲਿਆਂ 'ਚ ਕਮੀ ਆ ਜਾਵੇਗੀ।
ਮੰਗਲਵਾਰ ਨੂੰ ਕੋਰੋਨਾ ਦੇ ਰਿਕਾਰਡ ਮਾਮਲੇ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੁਜਰਾਤ 'ਚ ਕੋਰੋਨਾ ਵਾਇਰਸ ਲਾਗ ਦੇ 6690 ਨਵੇਂ ਮਾਮਲੇ ਸਾਹਮਣੇ ਆਏ ਸਨ, ਜੋ ਕਿ ਰੋਜ਼ਾਨਾ ਰਿਪੋਰਟ ਕੀਤੇ ਗਏ ਕੇਸਾਂ ਵਿਚੋਂ ਸਭ ਤੋਂ ਵੱਧ ਹਨ। ਇਸ ਦੇ ਨਾਲ ਲਾਗ ਦੇ ਕੁੱਲ ਕੇਸ 3,60,206 ਹੋ ਗਏ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਦੱਸਿਆ ਗਿਆ ਕਿ ਕੋਵਿਡ-19 ਕਾਰਨ 67 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਮੌਤ ਦੀ ਗਿਣਤੀ 4,922 ਹੋ ਗਈ ਹੈ। ਪਿਛਲੇ 24 ਘੰਟੇ 'ਚ ਰਾਜਧਾਨੀ ਅਹਿਮਦਾਬਾਦ 'ਚ ਲਾਗ ਦੇ 2,251 ਨਵੇਂ ਕੇਸ ਸਾਹਮਣੇ ਆਏ ਹਨ।