ਮਹਿਤਾਬ-ਉਦ-ਦੀਨ

ਚੰਡੀਗੜ੍ਹ: ਕਸ਼ਮੀਰ ’ਚ ਦੋ ਸਿੱਖ ਕੁੜੀਆਂ ਦਾ ‘ਜਬਰੀ ਧਰਮ ਪਰਿਵਰਤਨ ਕਰਕੇ ਉਨ੍ਹਾਂ ਨੂੰ ਮੁਸਲਿਮ ਬਣਾਉਣ’ ਦਾ ਮਾਮਲਾ ਨਿੱਤ ਨਵੇਂ ਮੋੜ ਅਖ਼ਤਿਆਰ ਕਰਦਾ ਜਾ ਰਿਹਾ ਹੈ। ਪਹਿਲਾਂ ਤਾਂ ਦੋਵੇਂ ਸਿੱਖ ਕੁੜੀਆਂ ਨੇ ਬਿਆਨ ਦਿੱਤੇ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਸੀ। ਫਿਰ ਜਦੋਂ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ਤੱਕ ਉੱਛਲ਼ ਕੇ ਭਖ ਗਿਆ, ਤਾਂ ਦਿੱਲੀ ਦੇ ਕੁਝ ਸਿੱਖ ਆਗੂਆਂ ਦੇ ਦਬਾਅ ਹੇਠ ਇੱਕ ‘ਪੀੜਤ’ ਕੁੜੀ ਮਨਮੀਤ ਕੌਰ ਨੂੰ ਮੁਸਲਿਮ ਪਰਿਵਾਰ ’ਚੋਂ ਵਾਪਸ ਲਿਆ ਕੇ ਉਸ ਦਾ ਵਿਆਹ ਤੁਰੰਤ ਇੱਕ ਸਿੱਖ ਨੌਜਵਾਨ ਨਾਲ ਕਰਕੇ ਉਨ੍ਹਾਂ ਨੂੰ ਸ੍ਰੀਨਗਰ ਤੋਂ ਦਿੱਲੀ ਭੇਜ ਦਿੱਤਾ ਗਿਆ।

 

ਜਿਹੜੇ ਮੁਸਲਿਮ ਨੌਜਵਾਨ ਸ਼ਾਹਿਦ ਨਜ਼ੀਰ ਭੱਟ ਨੇ ਮਨਮੀਤ ਕੌਰ ਨਾਲ ਪਹਿਲਾ ਵਿਆਹ ਕੀਤਾ ਸੀ; ਹੁਣ ਉਸ ਨੇ ਕਿਹਾ ਕਿ ਉਹ ਆਪਣੀ ਪਤਨੀ ਮਨਮੀਤ ਨੂੰ ਆਪਣੇ ਘਰ ਵਾਪਸ ਲਿਆ ਕੇ ਰਹੇਗਾ। ਜਦ ਤੋਂ ਕਥਿਤ ਧਰਮ ਪਰਿਵਰਤਨ ਦਾ ਇਹ ਮਾਮਲਾ ਭਖਿਆ ਸੀ, ਤਦ ਤੋਂ ਸ਼ਾਹਿਦ ਜੇਲ੍ਹ ’ਚ ਸੀ। ਉਹ ਬੀਤੀ 2 ਜੁਲਾਈ ਨੂੰ ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਹੈ।

 

ਜੇਲ੍ਹ ’ਚ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਸ ਦੀ ਪਤਨੀ ਮਨਮੀਤ ਕੌਰ ਨਾਲ ਕੀ ਵਾਪਰ ਚੁੱਕਾ ਹੈ। ਉਹ ਤਾਂ ਇਹੋ ਸਮਝ ਰਿਹਾ ਸੀ ਕਿ ਮਨਮੀਤ ਉਸ ਦੇ ਹੀ ਘਰ ਹੋਵੇਗੀ ਪਰ ਜੇਲ੍ਹ ’ਚੋਂ ਨਿਕਲ ਕੇ ਜਿਵੇਂ ਹੀ ਉਸ ਨੇ ਆਪਣਾ ਮੋਬਾਈਲ ਫ਼ੋਨ ਆਨ ਕੀਤਾ, ਤਾਂ ਉਸ ਦੇ ਵ੍ਹਟਸਐਪ ਉੱਤੇ ਉਸ ਦੀ ਪਤਨੀ ਦੇ ਇੱਕ ਸਿੱਖ ਨੌਜਵਾਨ ਨਾਲ ਦੂਜੇ ਵਿਆਹ ਦੀਆਂ ਤਸਵੀਰਾਂ ਭਰੀਆਂ ਪਈਆਂ ਸਨ; ਜੋ ਉਸ ਦੇ ਦੋਸਤਾਂ ਤੇ ਹੋਰ ਜਾਣਕਾਰਾਂ ਨੇ ਉਸ ਨੂੰ ਭੇਜੀਆਂ ਸਨ। ‘ਦ ਪ੍ਰਿੰਟ’ ਦੀ ਰਿਪੋਰਟ ਅਨੁਸਾਰ ਸ਼ਾਹਿਦ ਹੁਣ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਸੁੰਨ ਬਣਿਆ ਹੋਇਆ ਹੈ ਪਰ ਫਿਰ ਵੀ ਉਸ ਦੀ ਦ੍ਰਿੜ੍ਹ ਇੱਛਾ ਸ਼ਕਤੀ ਹਾਲੇ ਮਜ਼ਬੂਤ ਜਾਪਦੀ ਹੈ।

 

ਮੀਡੀਆ ਨਾਲ ਗੱਲਬਾਤ ਦੌਰਾਨ 29 ਸਾਲਾ ਸ਼ਾਹਿਦ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਅਜਿਹੇ ਹਾਲਾਤ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਨ ਬਣਾਇਆ ਪਰ ਛੇਤੀ ਹੀ ਉਸ ਨੇ ਆਪਣੀ ਪਤਨੀ ਮਨਮੀਤ ਕੌਰ ਨੂੰ ਘਰ ਵਾਪਸ ਲਿਆਉਣ ਦਾ ਸੰਕਲਪ ਲਿਆ।

ਟ੍ਰਾਂਸਪੋਰਟਰ ਸ਼ਾਹਿਦ ਨੇ ਅੱਗੇ ਦੱਸਿਆ ਕਿ ਉਸ ਨੇ ਬੀਤੀ 5 ਜੂਨ ਨੂੰ ਸ੍ਰੀਨਗਰ ਦੇ ਰੈਨਾਵਾੜੀ ਇਲਾਕੇ ’ਚ ਮਨਮੀਤ ਕੌਰ ਨਾਲ ਵਿਆਹ ਰਚਾਇਆ ਸੀ। ਉਸ ਤੋਂ ਪਹਿਲਾਂ ਮਨਮੀਤ ਕੌਰ ਨੇ ‘ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕਬੂਲ ਕਰ ਲਿਆ ਸੀ ਤੇ ਉਸ ਨੇ ਆਪਣਾ ਨਾਂ ਵੀ ਬਦਲ ਕੇ ਜ਼ੋਇਆ ਰੱਖ ਲਿਆ ਸੀ।’

ਸ਼ਾਹਿਦ ਨੇ ਦਾਅਵਾ ਕੀਤਾ ਕਿ ਮਨਮੀਤ ਕੌਰ ਦੀ ਉਮਰ 22 ਸਾਲ ਹੈ ਪਰ ਉਸ ਦੇ ਆਧਾਰ ਕਾਰਡ ਮੁਤਾਬਕ ਮਨਮੀਤ ਦਾ ਜਨਮ ਫ਼ਰਵਰੀ 2003 ’ਚ ਹੋਇਆ ਸੀ। ਉਂਝ ਸ਼ਾਹਿਦ ਨੇ ਮਨਮੀਤ ਕੌਰ ਦੇ ਮਾਪਿਆਂ ਨੂੰ ਚੁਣੌਤੀ ਦਿੱਤੀ ਕਿ ਉਹ ਮਨਮੀਤ ਦਾ Bone Density Test (ਹੱਡੀਆਂ ਦੀ ਘਣਤਾ ਦੀ ਪਰਖ ਕਰਨ ਲਈ ਟੈਸਟ) ਕਰਵਾ ਕੇ ਉਸ ਦੀ ਉਮਰ ਵਿਗਿਆਨਕ ਢੰਗ ਨਾਲ ਸਥਾਪਤ ਕਰਨ।

 

ਬੀਤੀ 23 ਜੂਨ ਨੂੰ ਸ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਉਸ ਉੱਤੇ ਮਨਮੀਤ ਕੌਰ ਨੂੰ ਅਗ਼ਵਾ ਕਰਨ, ਅਪਰਾਧਕ ਤਰੀਕੇ ਨਾਲ ਡਰਾਉਣ-ਧਮਕਾਉਣ ਤੇ ਵਿਆਹ ਲਈ ਉਸ ਦਾ ਜਬਰੀ ਧਰਮ ਪਰਿਵਰਤਨ ਕਰਨ ਜਿਹੇ ਦੋਸ਼ ਲਾਏ ਗਏ ਸਨ। ਮਨਮੀਤ ਕੌਰ ਦੇ ਪਿਤਾ ਨੇ 21 ਜੂਨ ਨੂੰ ਐੱਫ਼ਆਈਆਰ ਦਰਜ ਕਰਵਾਈ ਸੀ। ਦੱਸ ਦੇਈਏ ਕਿ ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਜੰਮੂ-ਕਸ਼ਮੀਰ ਸੂਬੇ ਵਿੱਚ ਮੁਸਲਮਾਨਾਂ ਦੀ 68.31 ਫ਼ੀ ਸਦੀ ਆਬਾਦੀ ਨਾਲ ਬਹੁ ਗਿਣਤੀ ਹੈ ਤੇ ਇੱਥੇ ਸਿੱਖਾਂ ਦੀ ਆਬਾਦੀ ਕੇਵਲ 1.87 ਫ਼ੀਸਦੀ ਹੈ।

 

ਉੱਧਰ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਹੁਣ ਜਿਹੜੇ ਦੋਸ਼ ਲਾਏ ਜਾ ਰਹੇ ਹਨ, ਉਹ ਸਭ ਸਿਆਸੀ ਹਿਤਾਂ ਤੋਂ ਪ੍ਰੇਰਿਤ ਹਨ ਪਰ ਇਸ ਦੇ ਜਵਾਬ ਵਿੱਚ ਸ਼ਾਹਿਦ ਨੇ ਹੁਣ ਆਖਿਆ ਹੈ ਕਿ ਉਹ ਮਨਮੀਤ ਨੂੰ ਆਪਣੇ ਘਰ ਵਾਪਸ ਲਿਆਉਣ ਲਈ ਆਖ਼ਰੀ ਹੱਦ ਤੱਕ ਕਾਨੂੰਨੀ ਜੰਗ ਲੜੇਗਾ। ਉਸ ਦਾ ਕਹਿਣਾ ਹੈ ਕਿ 5 ਜੂਨ ਦਾ ਨਿਕਾਹਨਾਮਾ ਉਸ ਦੇ ਵਿਆਹ ਦਾ ਪੱਕਾ ਸਬੂਤ ਹੈ। ਉਸ ਨੇ ਸੁਆਲ ਕੀਤਾ, ਕੋਈ ਉਸ ਦੀ ਵਿਆਹੀ ਪਤਨੀ ਨੂੰ ਉਸ ਦੇ ਘਰੋਂ ਕਿਵੇਂ ਲਿਜਾ ਸਕਦਾ ਹੈ ਤੇ ਫਿਰ ਕਿਸੇ ਹੋਰ ਨਾਲ ਉਸ ਦਾ ਵਿਆਹ ਕਿਵੇਂ ਕਰਵਾ ਸਕਦਾ ਹੈ? ਮਨਮੀਤ ਨੇ ਆਪਣੀ ਮਰਜ਼ੀ ਨਾਲ ਮੇਰੇ ਨਾਲ ਵਿਆਹ ਕੀਤਾ ਸੀ।