ਮਹਿਤਾਬ-ਉਦ-ਦੀਨਚੰਡੀਗੜ੍ਹ: ਕੋਵਿਡ-19 ਭਾਵ ਕੋਰੋਨਾ ਵਾਇਰਸ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਕਈ ਗੁਣਾ ਵੱਧ ਮੁਲਾਜ਼ਮ ਤੇ ਅਧਿਕਾਰੀ ਇਸ ਮਹਾਮਾਰੀ ਦੀ ਲਪੇਟ ’ਚ ਆ ਚੁੱਕੇ ਹਨ ਤੇ ਹਾਲੇ ਅਨੇਕ ਮੁਲਾਜ਼ਮ ਇਸ ਵਾਇਰਸ ਨਾਲ ਲੜ ਰਹੇ ਹਨ। ਇਸ ਵੇਲੇ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਏਸ਼ੀਆ ਦੇ ਵੱਡੇ ਦੇਸ਼ ਭਾਰਤ ’ਚ ਇਸ ਵਾਇਰਸ ਨੇ ਵੱਡਾ ਜਾਨੀ ਨੁਕਸਾਨ ਕੀਤਾ ਹੈ।
ਆਲ ਇੰਡੀਆ ਬੈਂਕ ਆਫ਼ੀਸਰਜ਼’ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਸ. ਨਾਗਰਾਜਨ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਦਾ ਵਾਹ ਸਿੱਧੇ ਤੌਰ ਉੱਤੇ ਆਮ ਲੋਕਾਂ ਨਾਲ ਪੈਂਦਾ ਹੈ, ਇਸ ਲਈ ਉਹ ‘ਮੋਹਰੀ ਜੋਧੇ’ (ਫ਼੍ਰੰਟਲਾਈਨ ਵਾਰੀਅਰਜ਼) ਹਨ ਤੇ ਵਾਇਰਸ ਵੀ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਪ੍ਰਭਾਵਿਤ ਕਰ ਰਿਹਾ ਹੈ।
ਕੋਰੋਨਾਵਾਇਰਸ ਹੁਣ ਤੱਕ ਢਾਈ ਕਰੋੜ ਦੇ ਲਗਪਗ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਚੁੱਕਾ ਹੈ ਤੇ 2 ਲੱਖ 66 ਹਜ਼ਾਰ ਤੋਂ ਵੱਧ ਲੋਕ ਇਸ ਵਾਇਰਸ ਨਾਲ ਜੂਝਦੇ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਇਹ ਦੁਨੀਆ ਦੀ ਸਭ ਤੋਂ ਵੱਧ ਤੇਜ਼ੀ ਨਾਲ ਫੈਲਣ ਵਾਲੀ ਮਹਾਮਾਰੀ ਵਜੋਂ ਉੱਭਰੀ ਹੈ।
ਇਸ ਵੇਲੇ ਭਾਰਤ ਦੇ ਬਹੁਤ ਸਾਰੇ ਰਾਜ ਲੌਕਡਾਊਨ ਦੀ ਹਾਲਤ ਵਿੱਚ ਹਨ ਤੇ ਆਮ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਦੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਪਰ ਬੈਂਕਿੰਗ ਖੇਤਰ ਕਿਉਂਕਿ ‘ਜ਼ਰੂਰੀ ਸੇਵਾਵਾਂ’ ਅਧੀਨ ਆਉਂਦਾ ਹੈ, ਇਸ ਲਈ ਇਸ ਉੱਤੇ ਲੌਕਡਾਊਨ ਦੇ ਹੁਕਮ ਵੀ ਲਾਗੂ ਨਹੀਂ ਹੁੰਦੇ। ਇਸ ਵੇਲੇ ਬੈਂਕ ਆਪਣੇ 50% ਮੁਲਾਜ਼ਮਾਂ ਦੀ ਸਮਰੱਥਾ ਨਾਲ ਕੰਮ ਕਰ ਰਹੇ ਹਨ।
ਬੈਂਕ ਕਰਮਚਾਰੀਆਂ ਦੀ ਸਭ ਤੋਂ ਵੱਡੀ ਸੰਸਥਾ ‘ਆੱਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ’ ਦੇ ਜਨਰਲ ਸਕੱਤਰ ਸੀ.ਐੱਚ. ਵੈਂਕਟਾਚਲਮ ਨੇ ਕੋਰੋਨਾ-ਵਾਇਰਸ ਹੁਣ ਤੱਕ 1,200 ਤੋਂ ਵੱਧ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਜਾਨਾਂ ਲੈ ਚੁੱਕਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਬਹੁਤੇ ਬੈਂਕ ਆਪਣੇ ਅਜਿਹੇ ਮੁਲਾਜ਼ਮਾਂ ਦੇ ਵੇਰਵੇ ਸਾਂਝੇ ਵੀ ਨਹੀਂ ਕਰ ਰਹੇ।
‘ਬਲੂਮਬਰਗ’, ‘ਬਿਜ਼ਨੇਸ ਸਟੈਂਡਰਡ’ ਤੇ ‘ਮਨੀ ਕੰਟਰੋਲ’ ਦੀਆਂ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਦੇਬਾਸ਼ੀਸ਼ ਪਾਂਡਾ ਨੇ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਬੈਂਕ ਤੇ ਬੀਮਾ ਮੁਲਾਜ਼ਮਾਂ ਦਾ ਟੀਕਾਕਰਣ ਪਹਿਲ ਦੇ ਆਧਾਰ ਉੱਤੇ ਕਰਵਾਇਆ ਜਾਵੇ।
ਉੱਧਰ ਭਾਰਤ ’ਚ ਵੈਕਸੀਨਾਂ ਦੀ ਘਾਟ ਵੀ ਬਣੀ ਹੋਈ ਹੈ। 130 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਦੇਸ਼ ਵਿੱਚ ਹਾਲੇ ਸਿਰਫ਼ 18 ਕਰੋੜ ਲੋਕਾਂ ਨੂੰ ਵੈਕਸੀਨ ਲੱਗ ਸਕੀ ਹੈ। ਜੇ ਇਹੋ ਰਫ਼ਤਾਰ ਰਹੀ, ਤਾਂ ਦੇਸ਼ ਦੀ 75% ਆਬਾਦੀ ਨੂੰ ਵੈਕਸੀਨ ਦੀਆਂ ਦੋ ਖ਼ੁਰਾਕਾਂ ਦੇਣ ਵਿੱਚ ਢਾਈ ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ, ਤਦ ਤੱਕ ਇਹ ਮਹਾਮਾਰੀ ਕਿੰਨਾ ਜਾਨੀ ਨੁਕਸਾਨ ਕਰੇਗੀ, ਇਸ ਦਾ ਅਨੁਮਾਨ ਹਾਲ ਦੀ ਘੜੀ ਕੋਈ ਮਾਹਿਰ ਨਹੀਂ ਲਾ ਸਕਦਾ।
