ਲਖਨਊ: ਉੱਤਰ ਪ੍ਰਦੇਸ਼ ਦੇ ਮਾਲੀਆ ਤੇ ਹੜ੍ਹ ਕੰਟਰੋਲ ਸੂਬਾ ਮੰਤਰੀ ਵਿਜੇ ਕਸ਼ਯਪ ਦੀ ਮੰਗਲਵਾਰ ਨੂੰ ਮੌਤ ਹੋ ਗਈ। 56 ਸਾਲਾ ਕਸ਼ਯਪ ਨੂੰ 27 ਅਪ੍ਰੈਲ ਨੂੰ ਕੋਰੋਨਾ ਵਾਇਰਸ ਹੋ ਗਿਆ ਸੀ। ਉਨ੍ਹਾਂ ਨੇ ਕੁਝ ਦਿਨ ਹੋਮ ਆਈਸੋਲੇਸ਼ਨ 'ਚ ਰਹਿ ਕੇ ਆਪਣਾ ਇਲਾਜ ਕਰਵਾਇਆ। ਜਦੋਂ ਉਨ੍ਹਾਂ ਨੂੰ ਸਾਹ ਲੈਣ 'ਚ ਮੁਸ਼ਕਲ ਆਉਣ ਲੱਗੀ ਤਾਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਮੰਗਲਵਾਰ ਸ਼ਾਮ ਨੂੰ ਆਖਰੀ ਸਾਹ ਲਏ।
ਵਿਜੇ ਕਸ਼ਯਪ ਸੂਬੇ ਦੇ ਤੀਜੇ ਮੰਤਰੀ ਹਨ, ਜਿਨ੍ਹਾਂ ਦੀ ਕੋਰੋਨਾ ਤੋਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਤੇ ਚੇਤਨ ਚੌਹਾਨ ਦਾ ਦਿਹਾਂਤ ਹੋ ਗਿਆ ਸੀ। ਭਾਜਪਾ ਦੇ 4 ਵਿਧਾਇਕਾਂ ਨੇ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆਈ ਹੈ। ਇਨ੍ਹਾਂ 'ਚ ਲਖਨਊ ਤੋਂ ਵਿਧਾਇਕ ਸੁਰੇਸ਼ ਚੰਦਰ ਸ੍ਰੀਵਾਸਤਵ, ਔਰੱਈਆ ਸਦਰ ਤੋਂ ਵਿਧਾਇਕ ਰਮੇਸ਼ ਚੰਦਰ ਦਿਵਾਕਰ, ਬਰੇਲੀ ਨਵਾਬਗੰਜ ਦੇ ਕੇਸਰ ਸਿੰਘ ਗੰਗਵਾਰ ਤੇ ਦਲ ਬਹਾਦੁਰ ਕੋਰੀ ਸ਼ਾਮਲ ਹਨ।
ਮੁਜ਼ੱਫਰਨਗਰ ਤੋਂ ਸੀ ਵਿਧਾਇਕ
ਵਿਜੇ ਕਸ਼ਯਪ ਮੁਜ਼ੱਫਰਨਗਰ ਜ਼ਿਲ੍ਹੇ 'ਚ ਚਰਥਾਵਾਲ ਸੀਟ ਤੋਂ ਵਿਧਾਇਕ ਸਨ। ਸੰਘ ਦੀ ਜਿੱਤ 'ਚ ਉਨ੍ਹਾਂ ਦਾ ਵੱਡਾ ਕੱਦ ਸੀ। ਉਹ ਸਹਾਰਨਪੁਰ ਦੇ ਜ਼ਿਲ੍ਹਾ ਬੁੱਧੀਜੀਵੀ ਮੁਖੀ ਵੀ ਸਨ। ਵਿਜੇ ਕਸ਼ਯਪ, ਜੋ ਸਹਾਰਨਪੁਰ ਜ਼ਿਲ੍ਹੇ ਦੇ ਨਾਨੌਤਾ ਦੇ ਰਹਿਣ ਵਾਲਾ ਸਨ, ਦਾ ਆਪਣੇ ਭਾਈਚਾਰੇ 'ਚ ਵੱਡਾ ਅਧਾਰ ਮੰਨਿਆ ਜਾਂਦਾ ਸੀ।
ਪਹਿਲੀ ਵਾਰ 2007 'ਚ ਚਰਥਾਵਾਲ ਤੋਂ ਚੋਣ ਲਈ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਜੇ ਕਸ਼ਯਪ ਭਾਜਪਾ ਦੇ ਸੂਬਾ ਕਾਰਜਕਾਰੀ ਦਾ ਮੈਂਬਰ ਵੀ ਸਨ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਸਪਾ ਉਮੀਦਵਾਰ ਮੁਕੇਸ਼ ਚੌਧਰੀ ਨੂੰ 23 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਸਮੇਤ ਕਈ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜ਼ਾਹਰ ਕੀਤਾ।