ਪਟਿਆਲਾ: ਪੰਜਾਬ 'ਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦਰਮਿਆਨ ਪਟਿਆਲਾ ਰੇਂਜ ਦੇ ਆਈਜੀ ਜਤਿੰਦਰ ਸਿੰਘ ਔਲਖ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਜਤਿੰਦਰ ਔਲਖ ਨੇ 1 ਮਾਰਚ ਨੂੰ ਹੀ ਕੋਵਿਡ ਵੈਕਸੀਨ ਲਗਵਾਈ ਸੀ।


 


ਔਲਖ ਨੇ ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਪਟਿਆਲਾ ਦੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਾਲ ਅਤੇ ਹੋਰਨਾਂ ਨਾਲ ਸਟੇਜ ਸਾਂਝੀ ਕੀਤੀ ਸੀ। ਸਿਹਤ ਅਧਿਕਾਰੀਆਂ ਨੇ ਔਲਖ ਦੇ ਕੋਰੋਨਾ ਪੌਜ਼ੇਟਿਵ ਦੀ ਪੁਸ਼ਟੀ ਕੀਤੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਯੂਕੇ ਦਾ ਨਵਾਂ ਸਟ੍ਰੇਨ ਪੰਜਾਬ ਵਿੱਚ ਆ ਚੁੱਕਾ ਹੈ ਅਤੇ ਬਹੁਤ ਜ਼ਿਆਦਾ ਅਹਿਤਿਆਤ ਵਰਤਣ ਦੀ ਜ਼ਰੂਰਤ ਹੈ।


 


ਸੂਤਰਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਵੱਖੋ ਵੱਖਰੀਆਂ ਲੈਬਰੋਟਰੀਆਂ 'ਚੋਂ 500 ਸੈਂਪਲ ਨਵੇਂ ਵੈਰੀਅੰਟ ਨੂੰ ਜਾਂਚਣ ਲਈ ਸੈਂਪਲ ਪੁਣੇ ਦੀ ਵੈਰੋਲਜੀ ਲੈਬ ਵਿੱਚ ਭੇਜੇ ਗਏ ਸਨ ਜਿਨ੍ਹਾਂ 'ਚੋਂ 29 ਦੀ ਰਿਪੋਰਟ ਆ ਚੁੱਕੀ ਹੈ ਅਤੇ 3 'ਚ ਯੂਕੇ ਦਾ ਨਵਾਂ ਸਟ੍ਰੇਨ ਪਾਇਆ ਗਿਆ ਹੈ।