ਚੰਡੀਗੜ੍ਹ: ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵਧਣ ਤੋਂ ਬਾਅਦ ਮੌਤਾਂ ਦਾ ਗ੍ਰਾਫ਼ ਵੀ ਤੇਜ਼ੀ ਨਾਲ ਵਧਣ ਲੱਗਾ ਹੈ। ਪਿਛਲੇ ਇੱਕ ਦਿਨ ’ਚ ਰਿਕਾਰਡ ਕੋਰੋਨਾ ਨੇ 142 ਵਿਅਕਤੀਆਂ ਦੀ ਜਾਨ ਲੈ ਲਈ ਹੈ। ਸਭ ਤੋਂ ਵੱਧ 22 ਵਿਅਕਤੀਆਂ ਦੀ ਮੌਤ ਗੁਰਦਾਸਪੁਰ ’ਚ ਹੋਈ ਹੈ। ਇਸ ਤੋਂ ਇਲਾਵਾ 24 ਘੰਟਿਆਂ ’ਚ ਕੋਰੋਨਾ ਦੇ 6,472 ਨਵੇਂ ਮਾਮਲੇ ਸਾਹਮਣੇ ਆਏ ਤੇ 5,272 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ।

 

ਸੂਬੇ ’ਚ ਸਰਗਰਮ ਮਾਮਲਿਆਂ ਦੀ ਗਿਣਤੀ 53,426 ਹੋ ਗਈ ਹੈ। ਇਨ੍ਹਾਂ ਵਿੱਚੋਂ 700 ਗੰਭੀਰ ਮਰੀਜ਼ਾਂ ਨੂੰ ਆਕਸੀਜਨ ਤੇ 97 ਅਤਿ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਬੁੱਧਵਾਰ ਨੂੰ 80,860 ਲੋਕਾਂ ਦਾ ਟੀਕਾਕਰਨ ਕੀਤਾ ਗਿਆ।

 

ਸਿਹਤ ਵਿਭਾਗ ਅਨੁਸਾਰ ਬੁੱਧਵਾਰ ਨੂੰ ਮਾਲਵਾ ’ਚ 63, ਮਾਝਾ ’ਚ 44 ਤੇ ਦੋਆਬਾ ’ਚ ਦੋਆਬਾ ’ਚ 35 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਛੇ ਜ਼ਿਲ੍ਹਿਆਂ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।

 

ਗੁਰਦਾਸਪੁਰ ’ਚ ਸਭ ਤੋਂ ਵੱਧ 22, ਅੰਮ੍ਰਿਤਸਰ ’ਚ 18, ਸੰਗਰੂਰ ’ਚ 17, ਲੁਧਿਆਣਾ ’ਚ 15, ਐਸਏਐਸ ਨਗਰ (ਮੋਹਾਲੀ) ’ਚ 12, ਪਟਿਆਲਾ ’ਚ 10, ਜਲੰਧਰ ’ਚ ਅੱਠ, ਰੂਪਨਗਰ ’ਚ ਛੇ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ’ਚ ਪੰਜ-ਪੰਜ, ਫ਼ਾਜ਼ਿਲਕਾ, ਫ਼ਤਿਹਗੜ੍ਹ ਸਾਹਿਬ ਤੇ ਨਵਾਂਸ਼ਹਿਰ ’ਚ ਚਾਰ–ਚਾਰ, ਤਰਨ ਤਾਰਨ, ਮੁਕਤਸਰ ਤੇ ਮਾਨਸਾ ’ਚ ਤਿੰਨ–ਤਿੰਨ ਅਤੇ ਬਰਨਾਲਾ, ਮੋਗਾ ਤੇ ਪਠਾਨਕੋਟ ’ਚ ਇੱਕ-ਇੱਕ ਕੋਰੋਨਾ ਮਰੀਜ਼ ਨੇ ਦਮ ਤੋੜ ਦਿੱਤਾ।

 

ਬੁੱਧਵਾਰ ਨੂੰ ਲੁਧਿਆਣਾ ’ਚ ਕੋਰੋਨਾ ਦੇ ਸਭ ਤੋਂ ਵੱਧ 952, ਮੋਹਾਲੀ ’ਚ 867, ਜਲੰਧਰ ’ਚ 614, ਪਟਿਆਲਾ ’ਚ 597, ਅੰਮ੍ਰਿਤਸਰ ’ਚ 501, ਬਠਿੰਡਾ ’ਚ 421, ਗੁਰਦਾਸਪੁਰ ’ਚ 337, ਪਠਾਨਕੋਟ ’ਚ 299, ਮੁਕਤਸਰ ’ਚ 269, ਹੁਸ਼ਿਆਰਪੁਰ ’ਚ 249 ਤੇ ਮਾਨਸਾ ’ਚ 201 ਨਵੇਂ ਕੇਸ ਸਾਹਮਣੇ ਆਏ। ਬਾਕੀ ਦੇ ਜ਼ਿਲ੍ਹਿਆਂ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ 200 ਤੋਂ ਘੱਟ ਰਹੀ।