ਨਵੀਂ ਦਿੱਲੀ: ਕੋਵਿਨ (CoWIN) ਐਪ ਉੱਤੇ 18 ਤੋਂ 44 ਸਾਲ ਉਮਰ ਵਰਗ ਲਈ ਆਨ ਸਾਈਟ ਰਜਿਸਟ੍ਰੇਸ਼ਨ ਤੇ ਅਪੁਆਇੰਟਮੈਂਟ ਸ਼ੁਰੂ ਕੀਤੀ ਜਾ ਰਹੀ ਹੈ। ਇਸ ਫ਼ੀਚਰ ਦੀ ਵਰਤੋਂ ਸਿਰਫ਼ ਸਬੰਧਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੇ ਫ਼ੈਸਲੇ ਦੇ ਆਧਾਰ ਉੱਤੇ ਹੀ ਕੀਤੀ ਜਾਵੇਗੀ। ਰਾਜ ਸਰਕਾਰ ਹੀ ਇਹ ਫ਼ੈਸਲਾ ਕਰੇਗੀ ਕਿ ਕੀ ਇਸ ਉਮਰ ਵਰਗ ਦੇ ਲੋਕਾਂ ਨੂੰ ਆਨ ਸਾਈਟ ਰਜਿਸਟ੍ਰੇਸ਼ਨਜ਼ ਦੀ ਸਹੂਲਤ ਦੇਣੀ ਹੈ ਜਾਂ ਨਹੀਂ। ਅਜਿਹਾ ਵੈਕਸੀਨ ਦੇ ਅਜਾਈਂ ਜਾਣ ਤੋਂ ਰੋਕਣ ਲਈ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੈਕਸੀਨੇਸ਼ਨ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਉਣ ਦਾ ਜਤਨ ਵੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਲਾਹ ਦਿੱਤੀ ਹੈ ਕਿ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜ਼ਿਲ੍ਹਾ ਟੀਕਾਕਰਨ ਅਧਿਕਾਰੀਆਂ ਨੂੰ ਇਹ ਸਪੱਸ਼ਟ ਹਦਾਇਤਾਂ ਜਾਰੀ ਕਰਨ ਕਿ ਉਹ ਸਬੰਧਤ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਦੇ ਫ਼ੈਸਲਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਲਾਭਪਾਤਰੀਆਂ ਨੂੰ ਟੀਕਾਕਰਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਰਤ੍ਹਾਂ ਰਾਖਵੇਂ ਸੈਸ਼ਨਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਜਿੱਥੇ ਕਿਤੇ ਵੀ ਰਾਖਵੇਂ ਸੈਸ਼ਨ ਆਯੋਜਿਤ ਕੀਤੇ ਜਾਂਦੇ ਹਨ, ਉੱਥੇ ਹੀ ਵੱਡੀ ਗਿਣਤੀ ’ਚ ਲਾਭਪਾਤਰੀਆਂ ਨੂੰ ਲਾਮਬੰਦ ਕੀਤਾ ਜਾਵੇ।
ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਆਨ ਸਾਈਟ ਰਜਿਸਟ੍ਰੇਸ਼ਨ ਖੋਲ੍ਹਦੇ ਸਮੇਂ ਬਹੁਤ ਜ਼ਿਆਦਾ ਧਿਆਨ ਰੱਖਣ ਕਿ ਕਿਤੇ ਟੀਕਾਕਰਨ ਕੇਂਦਰਾਂ ਉੱਤੇ ਵਧੇਰੇ ਭੀੜਾਂ ਇਕੱਠੀਆਂ ਨਾ ਹੋਣ।