ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੋਵਿਡ -19 ਵੈਕਸੀਨ ਦੀ ਸਮੀਖਿਆ ਲਈ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਪਹੁੰਚੇ ਹਨ। ਐਸਆਈਆਈ ਨੇ ਗਲੋਬਲ ਫਾਰਮਾਸਿਊਟੀਕਲ ਨਿਰਮਾਤਾ ਐਸਟਰਾਜ਼ੇਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨਾਲ ਕੋਵਿਡ -19 ਵੈਕਸੀਨ ਲਈ ਭਾਈਵਾਲੀ ਕੀਤੀ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਕੋਰੋਨਾਵਾਇਰਸ ਵੈਕਸੀਨ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਅਹਿਮਦਾਬਾਦ ਨੇੜੇ ਜਾਇਡਸ ਕੈਡਿਲਾ ਦੇ ਵੈਕਸੀਨ ਉਤਪਾਦਨ ਪਲਾਂਟ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਇੱਥੇ ਤਕਰੀਬਨ 1 ਘੰਟਾ ਰੁਕੇ। ਇਸ ਤੋਂ ਬਾਅਦ ਉਹ ਹੈਦਰਾਬਾਦ ਲਈ ਰਵਾਨਾ ਹੋ ਗਏ। ਅਹਿਮਦਾਬਾਦ ਦੇ ਜਾਇਡਸ ਬਾਇਓਟੈਕ ਪਾਰਕ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਹ ਦੇਸੀ ਡੀਐਨਏ ਅਧਾਰਤ ਵੈਕਸੀਨ ਬਾਰੇ ਵਧੇਰੇ ਜਾਣਕਾਰੀ ਲਈ ਪਲਾਂਟ ਦਾ ਦੌਰਾ ਕੀਤਾ।
ਪੀਐਮ ਮੋਦੀ ਨੇ ਕਿਹਾ ਕਿ "ਮੈਂ ਉਨ੍ਹਾਂ ਦੇ ਕੰਮ ਲਈ ਇਸ ਕੋਸ਼ਿਸ਼ ਦੇ ਪਿੱਛੇ ਟੀਮ ਦੀ ਪ੍ਰਸ਼ੰਸਾ ਕਰਦਾ ਹਾਂ। ਭਾਰਤ ਸਰਕਾਰ ਇਸ ਯਾਤਰਾ 'ਚ ਉਨ੍ਹਾਂ ਦਾ ਸਮਰਥਨ ਕਰਨ ਲਈ ਉਨ੍ਹਾਂ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਹੈ।"
ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਤੋਂ ਬਾਅਦ ਹੈਦਰਾਬਾਦ ਪਹੁੰਚੇ ਜਿਥੇ ਉਨ੍ਹਾਂ ਨੇ ਕੋਵਿਡ -19 ਵੈਕਸੀਨ ਵਿਕਸਤ ਕਰਨ ਵਾਲੀ ਕੰਪਨੀ ਭਾਰਤ ਬਾਇਓਟੈਕ ਦੇ ਕੇਂਦਰ ਦਾ ਦੌਰਾ ਕੀਤਾ। ਭਾਰਤ ਬਾਇਓਟੈਕ ਦੁਆਰਾ ਵਿਕਸਤ ਕੀਤੇ ਜਾ ਰਹੇ ਕੋਵਿਡ -19 ਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ ਜਾਰੀ ਹੈ।