ਨਵੀਂ ਦਿੱਲੀ: ਭਾਰਤ ਸਰਕਾਰ ਨੇ ਕੋਵਿਡ-19 ਦੇ ਬਚਾਅ ਦੀ ਕਵਾਇਤ ‘ਚ ਵਾਧੂ ਯਾਤਰਾ ਪਾਬੰਦੀਆਂ ਦਾ ਐਲਾਨ ਕਰਦਿਆਂ ਹੁਣ ਅਫਗਾਨਿਸਤਾਨ, ਫਿਲਪੀਨਜ਼ ਅਤੇ ਮਲੇਸ਼ੀਆ ਤੋਂ ਕਿਸੇ ਵੀ ਯਾਤਰੀਆਂ ਦੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਗਈ ਹੈ, ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਸਮੇਤ ਕਈ ਭਾਰਤੀ ਫਿਲੀਪੀਨਜ਼ ਅਤੇ ਮਲੇਸ਼ੀਆ ‘ਚ ਫਸੇ ਹੋਏ ਹਨ।


ਫਿਲੀਪੀਨਜ਼ 'ਚ ਰਾਸ਼ਟਰਪਤੀ ਰੋਡਰਿਗੋ ਨੇ ਰਾਸ਼ਟਰੀ ਆਫਤ ਪ੍ਰਬੰਧਾਂ ਨੂੰ ਲਾਗੂ ਕੀਤਾ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਸਾਰੇ ਵਿਦੇਸ਼ੀ ਜੋ ਫਿਲੀਪੀਨਜ਼ ਨੂੰ ਛੱਡਣਾ ਚਾਹੁੰਦੇ ਹਨ ਨੂੰ 72 ਘੰਟਿਆਂ ਦੀ ਮਿਆਦ ਦਿੱਤੀ ਸੀ। ਏਬੀਪੀ ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਜਿੱਥੇ ਵਾਇਰਸ ਕਾਰਨ ਪੂਰਾ ਮਨੀਲਾ ਸ਼ਹਿਰ ਬੰਦ ਹੈ, ਉੱਥੇ ਹੀ ਕਾਫੀ ਭਾਰਤੀ ਵਿਦਿਆਰਥੀ ਇੱਥੇ ਫਸ ਗਏ ਹਨ। ਉਨ੍ਹਾਂ ਚੋਂ ਬਹੁਤ ਸਾਰੇ ਜੋਨੇਲਟਾ ਫਾਉਂਡੇਸ਼ਨ ਸਕੂਲ ਆਫ਼ ਮੈਡੀਸਨ ਵਿੱਚ ਵੀ ਪੜ੍ਹ ਰਹੇ ਹਨ।



ਇਨ੍ਹਾਂ ਚੋਂ ਕੁਝ ਵਿਦਿਆਰਥੀਆਂ ਨੇ ਇਹ ਵੀ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਮਨੀਲਾ ਵਿੱਚ ਭਾਰਤੀ ਦੂਤਾਵਾਸ ਤੋਂ ਲੋੜੀਂਦਾ ਮਦਦ ਨਹੀਂ ਮਿਲ ਰਹੀ। ਮਨੀਲਾ ਤੋਂ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਬਹੁਤ ਸਾਰੇ ਵਿਦਿਆਰਥੀ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਹਵਾਈ ਅੱਡੇ 'ਤੇ ਵੀ ਫਸੇ ਹੋਏ ਹਨ।



ਇਸ ਦੌਰਾਨ ਮਨੀਲਾ ਵਿੱਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ ਕਿ ਵਿਦੇਸ਼ ਮੰਤਰਾਲਾ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਫਿਲਪੀਨਜ਼ ਵਿੱਚ ਹੁਣ ਤੱਕ 187 ਮਾਮਲੇ ਦਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 45 ਨਵੇਂ ਕੇਸ ਦਰਜ ਕੀਤੇ ਗਏ ਹਨ।