ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਦੇਸ਼ ‘ਚ ਪਸਰੀ ਆਰਥਿਕ ਮੰਦੀ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਕਰਜ਼ਦਾਤਾ ਨੂੰ ਅਗਲੇ ਤਿੰਨ ਮਹੀਨੇ ਲਈ ਆਪਣੇ ਘਰ ਜਾਂ ਆਟੋ ਲੋਨ ‘ਤੇ ਈਐਮਆਈ ਦਾ ਭੁਗਤਾਨ ਨਾ ਕਰਨ ਦੀ ਸਹੂਲਤ ਦਿੱਤੀ ਹੈ ਪਰ ਅਜੇ ਵੀ ਗਾਹਕਾਂ ਨੂੰ ਮੈਸੇਜ ਆ ਰਹੇ ਹਨ ਕਿ ਉਸ ਈਐਮਆਈ ਲਈ ਆਪਣੇ ਖਾਤੇ ‘ਚ ਲੋੜੀਂਦਾ ਬੈਲੇਂਸ ਰੱਖਣ। ਅਜਿਹੇ ‘ਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਸੁਵਿਧਾ ਦਾ ਲਾਭ ਲੈਣ ਲਈ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਮੁਤਾਬਕ ਉਨ੍ਹਾਂ ਦੇ ਗਾਹਕਾਂ ਨੂੰ ਇਸ ਦਾ ਫਾਇਦਾ ਆਪਣੇ ਆਪ ਮਿਲ ਜਾਵੇਗਾ।


ਬੈਂਕ ਕਿਉਂ ਭੇਜ ਰਿਹਾ ਅਜਿਹੇ ਮੈਸੇਜ

ਬੈਕਾਂ ਮੁਤਾਬਕ ਜਿਸ ਸਿਸਟਮ ਵੱਲੋਂ ਮੈਸੇਜ ਭੇਜੇ ਜਾਂਦੇ ਹਨ, ਉਹ ਆਟੋਮੈਟਿਕ ਮੋਡ ‘ਤੇ ਕੰਮ ਕਰਦਾ ਹੈ, ਇਸ ਕਾਰਨ ਕਰਜ਼ਦਾਰਾਂ ਨੂੰ ਮੈਸੇਜ ਪਹੁੰਚ ਰਹੇ ਹਨ ਪਰ ਇਸ ਨਾਲ ਘਬਰਾਉਣ ਦੀ ਕੋਈ ਲੋੜ ਨਹੀਂ। ਸਾਰੇ ਗਾਹਕਾਂ ਨੂੰ ਸਰਕਾਰ ਦੀ ਯੋਜਨਾ ਦਾ ਲਾਭ ਮਿਲੇਗਾ।






ਕੀ ਹੈ ਸਰਕਾਰ ਦਾ ਐਲਾਨ?

ਆਰਬੀਆਈ ਨੇ ਟਰਮ ਲੋਨ ਦੀ ਕਿਸ਼ਤ ਚੁਕਾਉਣ ‘ਚ ਤਿੰਨ ਮਹੀਨੇ ਦੀ ਛੂਟ ਦਿੱਤੀ ਹੈ। ਸਾਰੇ ਕਮਰਸ਼ੀਅਲ, ਰੀਜਨਲ, ਰੂਰਲ ਤੇ ਸਮਾਲ ਫਾਈਨੈਂਸ ਬੈਂਕਾਂ ਨੂੰ ਸਾਰੇ ਟਰਮ ਲੋਨ ਈਐਮਆਈ ਵਸੂਲਣ ਤੋਂ ਰੋਕ ਦਿੱਤਾ ਗਿਆ ਹੈ। ਗਾਹਕ ਖੁਦ ਚਾਹੇ ਤਾਂ ਭੁਗਤਾਨ ਕਰ ਸਕਦੇ ਹਨ, ਬੈਂਕ ਦਬਾਅ ਨਹੀਂ ਪਾਉਣਗੇ। ਕ੍ਰੈਡਿਟ ਕਾਰਡ ਦੇ ਬਕਾਇਆ ਭੁਗਤਾਨ ‘ਤੇ ਵੀ ਤਿੰਨ ਮਹੀਨੇ ਦੀ ਛੂਟ ਲਾਗੂ ਹੋਵੇਗੀ। ਇਸ ਤਹਿਤ ਅਗਲੇ ਤਿੰਨ ਮਹੀਨੇ ਤੱਕ ਅਜਿਹੇ ਕਿਸੇ ਵੀ ਵਿਅਕਤੀ ਦੇ ਖਾਤੇ ਤੋਂ ਕਿਸ਼ਤ ਨਹੀਂ ਕੱਟੇਗੀ, ਜਿਨ੍ਹਾਂ ਕਰਜ਼ਾ ਲਿਆ ਹੋਇਆ ਹੈ।