ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਮਰਨ ਵਾਲਿਆਂ ਦੀ ਗਿਣਤੀ 2700 ਤੋਂ ਪਾਰ, 80000 ਤੋਂ ਵੱਧ ਸੰਕਰਮਿਤ
ਏਬੀਪੀ ਸਾਂਝਾ | 29 Feb 2020 11:00 AM (IST)
ਉਪ ਮੰਤਰੀ ਜ਼ੇਂਗ ਯਜਿੰਗ ਨੇ ਕਿਹਾ ਕਿ ਸਿਹਤ ਕਮਿਸ਼ਨ ਇਸ ਮੁੱਦੇ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਡਾਕਟਰੀ ਸੰਸਥਾਵਾਂ 'ਚ ਇਸਦੀ ਰੋਕਥਾਮ ਅਤੇ ਨਿਯੰਤਰਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਬੀਜਿੰਗ: ਕੋਰੋਨਾ ਵਾਇਰਸ ਕਰਕੇ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ ਇਸ ਵਾਇਰਸ ਕਰਕੇ 44 ਹੋਰ ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਦੁਨੀਆ 'ਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,788 ਹੋ ਗਈ ਹੈ। ਉਸੇ ਸਮੇਂ ਦੁਨੀਆ ਵਿੱਚ ਲਗਪਗ 83000 ਲੋਕ ਇਸ ਵਾਇਰਸ ਕਾਰਨ ਸੰਕਰਮਿਤ ਹਨ। ਇਸ ਵਾਇਰਸ ਕਰਕੇ ਬਾਜ਼ਾਰਾਂ 'ਚ ਪਿਛਲੇ ਕੁਝ ਹਫਤਿਆਂ ਤੋਂ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਦਾ ਪ੍ਰਕੋਪ ਹੁਬੇਈ 'ਚ ਜਾਰੀ ਹੈ, ਪਰ ਚੀਨ 'ਚ ਆਮ ਜਨ-ਜੀਵਨ ਹੌਲੀ-ਹੌਲੀ ਮੁੜ ਪੱਟ 'ਤੇ ਪਰਤ ਰਿਹਾ ਹੈ। ਇਹ ਰਾਹਤ ਦੀ ਗੱਲ ਹੈ ਕਿ ਚੀਨ ਦੇ 26 ਪ੍ਰਾਂਤਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਨਵੇਂ ਕੇਸ ਸਾਹਮਣੇ ਨਹੀਂ ਆਏ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਚੀਨ 'ਚ ਕੁੱਲ 406 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਹੁਬੇਈ ਪ੍ਰਾਂਤ 'ਚ 401, ਸ਼ੈਂਡਾਂਗ ਵਿੱਚ ਇੱਕ, ਸ਼ੰਘਾਈ ਅਤੇ ਹੇਬੀ ਵਿੱਚ ਇੱਕ ਅਤੇ ਸਿਚੁਆਨ ਵਿੱਚ ਦੋ ਸੀ। ਇਸਦੀ ਪੁਸ਼ਟੀ ਰਾਸ਼ਟਰੀ ਸਿਹਤ ਕਮਿਸ਼ਨ ਅਤੇ ਸਥਾਨਕ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ 'ਚ ਕੀਤੀ ਗਈ ਹੈ।