ਸੁਜਾਨਪੁਰ: ਮਾਧੋਪੁਰ 'ਇੱਕ ਦਰਦਨਾਕ ਹਾਦਸੇ 'ਚ ਗਰਭਵਤੀ ਔਰਤ ਦੀ ਮੌਤ ਹੋ ਗਈ ਹੈ। ਪਤੀ ਪਤਨੀ ਸਕੂਟੀ 'ਤੇ ਜਾ ਰਹੇ ਸਨ। ਇਸ ਦੌਰਾਨ ਸਕੂਟੀ ਫਿਸਲਣ ਨਾਲ ਦੋਵੇਂ ਨਹਿਰ ਵਿਚ ਜਾ ਡਿੱਗੇ। ਜਾਣਕਾਰੀ ਮੁਤਾਬਕ ਮ੍ਰਿਤਕਾ ਅੱਠ ਮਹੀਨਿਆਂ ਦੀ ਗਰਭਵਤੀ ਸੀ। ਜਿਸ ਦੇ ਬੱਚੇ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ, ਕਿਉਂਕਿ ਉਸ ਤਕ ਸਾਹ ਨਹੀਂ ਪਹੁੰਚਿਆ।


ਪਤੀ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਅਤੇ ਮ੍ਰਿਤਕ ਔਰਤ ਦੀ ਪਛਾਣ ਸੁਨੀਤਾ ਰਾਣੀ (40) ਵਾਸੀ ਪਿੰਡ ਗੁਗਰਾਂ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਸੁਜਾਨਪੁਰ ਪੁਲਿਸ ਦੇ ਥਾਣਾ ਮੁਖੀ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਸੁਨੀਤਾ ਨੌਕਰੀ ਕਰਦੀ ਸੀ। ਸ਼ੁੱਕਰਵਾਰ ਨੂੰ ਦਵਿੰੰਦਰ ਸਿੰਘ ਸਕੂਟੀ 'ਤੇ ਸੁਨੀਤਾ ਨੂੰ ਜੁਗਿਆਲ ਵਿਚ ਹੋਣ ਵਾਲੀ ਵਿਭਾਗੀ ਮੀਟਿੰਗ ਲਈ ਲੈ ਕੇ ਜਾ ਰਿਹਾ ਸੀ।

ਦੋਵੇਂ ਮਾਧੋਪੁਰ ਨਰਿਹਰ ਦੇ ਕੰਢੇ ਤੋਂ ਗੁਜ਼ਰ ਰਹੇ ਸੀ ਕਿ ਸਕੂਟੀ ਦਾ ਟਾਇਰ ਸਲਿਪ ਕਰ ਗਿਆ ਅਤੇ ਦੋਵੇਂ ਰੇਲਿੰਗ ਨਾਲ ਟਕਰਾ ਕੇ ਨਹਿਰ 'ਚ ਡਿੱਗ ਗਏ। ਪਾਣੀ ਦੇ ਤੇਜ਼ ਵਹਾਅ ਕਾਰਨ ਦੋਵੇਂ ਵਹਿ ਗਏ। ਦਵਿੰਦਰ ਸਿੰਘ ਨੂੰ ਤੈਰਨਾ ਆਉਂਦਾ ਸੀ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਔਰਤ ਪਾਣੀ ’ਚ ਰੂੜ੍ਹ ਗਈ। ਘਟਨਾ ਸਥਾਨ ਤੋਂ ਕਰੀਬ 3 ਕਿਲੋਮੀਟਰ ਦੂਰ ਔਰਤ ਨੂੰ ਪੁਲ ਨੰਬਰ-1 ਦੇ ਨੇੜੇ ਸਥਿਤ ਕੰਟਰੋਲ ਗੇਟ ਕੋਲੋ ਮਾਧੋਪੁਰ ਬਿਆਸ ਲਿੰਕ ਨਹਿਰ ਤੋਂ ਬਰਾਮਦ ਕਰ ਲਿਆ, ਜਿਸ ਨੂੰ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਪਠਾਨਕੋਟ ਲਿਆਂਦਾ ਗਿਆ। ਡਾਕਟਰਾਂ ਨੇ ਜਾਂਚ ਕਰਨ ਮਗਰੋਂ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ

ਦੋਵਾਂ ਦਾ ਇਹ ਪਹਿਲਾ ਬੱਚਾ ਸੀ। ਤਿੰਨ ਸਾਲ ਪਹਿਲਾਂ ਦੋਵੇਂ ਵਿਆਹ ਦੇ ਬੰਧਨ 'ਚ ਬੱਝੇ ਸੀ ਉਧਰ ਸੁਜਾਨਪੁਰ ਪੁਲਿਸ ਥਾਣਾ ਮੁਖੀ ਭਾਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਅਚਾਨਕ ਸਕੂਟਰੀ ਦਾ ਸੰਤੁਲਣ ਵਿਗੜ ਗਿਆ, ਜਿਸ ਕਾਰਨ ਦੋਵੇਂ ਨਹਿਰ ’ਚ ਡਿੱਗ ਪਏ। ਨਹਿਰ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਔਰਤ ਤੇ ਉਸ ਦਾ ਪਤੀ ਪਾਣੀ ’ਚ ਰੂੜ੍ਹਣ ਲੱਗ ਪਏ, ਜਿਸ ਨੂੰ ਦੇਖ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।