ਪੁਣੇ: ਮਹਾਰਾਸ਼ਟਰ ਦੇ ਪੁਣੇ 'ਚ ਵਾਘੋਲੀ ਖੇਤਰ ਦੇ ਇੱਕ ਫਲੈਟ 'ਚ 22 ਸਾਲਾ ਨੌਜਵਾਨ ਸ਼ੱਕੀ ਹਾਲਾਤ 'ਚ ਮ੍ਰਿਤਕ ਮਿਲਿਆ। ਨੌਜਵਾਨ ਦੀ ਪਛਾਣ ਸਮੀਰ ਗਾਇਕਵਾੜ ਵਜੋਂ ਹੋਈ ਹੈ। ਉਹ ਸੋਸ਼ਲ ਮੀਡੀਆ ਐਪ ਟਿੱਕਟੌਕ ਸਟਾਰ ਸੀ ਤੇ ਹੋਰ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਸੀ। ਵੱਡੀ ਗਿਣਤੀ ਵਿੱਚ ਲੋਕ ਉਸ ਨੂੰ ਫੌਲੋ ਕਰਦੇ ਸੀ। ਜਦੋਂ ਪੁਲਿਸ ਨੇ ਲਾਸ਼ ਬਰਾਮਦ ਕੀਤੀ ਤਾਂ ਇਹ ਪੱਖੇ ਨਾਲ ਲਟਕ ਰਿਹਾ ਸੀ। ਰਿਸ਼ਤੇਦਾਰਾਂ ਨੂੰ ਪਹਿਲਾਂ ਇਹ ਖ਼ਬਰ ਸਮੀਰ ਦੇ ਇਕ ਦੋਸਤ ਰਾਹੀਂ ਮਿਲੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।


 


ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ ਤੇ ਫਿਰ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਹ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਬਿਆਨ ਵੀ ਲਵੇਗੀ। ਨਾਲ ਹੀ ਉਸ ਦੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਉਨ੍ਹਾਂ ਲੋਕਾਂ ਤੋਂ ਜਾਣਕਾਰੀ ਲਈ ਜਾਵੇਗੀ ਜੋ ਇਸ ਕੇਸ ਨਾਲ ਸਬੰਧਤ ਹੋਣਗੇ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਸੁਸਾਈਡ ਨੋਟ ਆਦਿ ਨਹੀਂ ਮਿਲਿਆ।


 


ਹਾਲਾਂਕਿ, ਪੁਲਿਸ ਹੁਣ ਸਮੀਰ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਵੀ ਜਾਂਚ ਕਰ ਰਹੀ ਹੈ। ਆਖਰੀ ਪਲ ਉਹ ਕਿਸ ਨਾਲ ਜਾਂ ਕਿਸ ਬਾਰੇ ਗੱਲਬਾਤ ਕਰ ਰਿਹਾ ਸੀ ਇਸ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਉਸ ਦੀਆਂ ਪੋਸਟਾਂ ਆਦਿ ਨੂੰ ਵੀ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ ਤੇ ਉਸ ਦੇ ਕਮੈਂਟਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।


 


ਨਾਲ ਹੀ ਪੁੱਛਗਿੱਛ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਸਮੀਰ ਦਾ ਪ੍ਰੇਮ ਸੰਬੰਧ ਵੀ ਸੀ। ਇਸ 'ਚ ਆਈ ਪ੍ਰੇਸ਼ਾਨੀ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਚੱਲ ਰਿਹਾ ਸੀ। ਸਮੀਰ ਪੁਣੇ ਦੇ ਵਾਡੀਆ ਕਾਲਜ 'ਚ ਪੜ੍ਹ ਰਿਹਾ ਸੀ। ਉਹ ਮੀਕਾਸਾ ਸੁਸਾਇਟੀ 'ਚ ਰਹਿੰਦਾ ਸੀ। ਉਹ ਪੁਣੇ 'ਚ ਬਹੁਤ ਮਸ਼ਹੂਰ ਸੀ।