ਨਵੀਂ ਦਿੱਲੀ: ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਨਜ਼ਰਬੰਦ ਦੀਪ ਸਿੱਧੂ ਨੂੰ ਇੱਕ ਹੋਰ ਕੇਸ ਵਿੱਚੋਂ ਜ਼ਮਾਨਤ ਮਿਲ ਗਈ ਹੈ। ਉਹ ਤਿੰਨ ਮਹੀਨੇ ਤੋਂ ਜੇਲ੍ਹ ਵਿੱਚ ਹੈ। ਦੀਪ ਸਿੱਧੂ ਦੀ ਇੱਕ ਕੇਸ ਵਿੱਚ ਪਹਿਲਾਂ ਹੀ ਜ਼ਮਾਨਤ ਹੋ ਗਈ ਸੀ। ਉਹ ਅੱਜ ਜੇਲ੍ਹ ਵਿੱਚੋਂ ਰਿਹਾਅ ਹੋ ਸਕਦਾ ਹੈ।
ਉਸ ਨੇ ਜਿਸ ਦਿਨ ਬਾਹਰ ਆਉਣਾ ਸੀ, ਉਸ ਦਿਨ ਉਸ ਉੱਪਰ ਇੱਕ ਹੋਰ ਕੇਸ ਦਰਜ ਕਰਕੇ ਰਿਮਾਂਡ ਦੀ ਮੰਗ ਪੁਲਿਸ ਨੇ ਕੀਤੀ ਸੀ। ਜੱਜ ਨੇ ਪੁਲਿਸ ਰਿਮਾਂਡ ਨਹੀਂ ਦਿੱਤਾ ਸੀ। ਦੀਪ ਸਿੱਧੂ ਦੀ ਦੂਸਰੇ ਕੇਸ ਵਿੱਚ ਵੀ ਜ਼ਮਾਨਤ ਹੋ ਗਈ ਹੈ।
ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ 'ਤੇ ਸਿੱਧੂ ਨੂੰ ਜ਼ਮਾਨਤ ਦਿੱਤੀ ਹੈ। ਦੀਪ ਸਿੱਧੂ 'ਤੇ ਇਹ ਦੂਜਾ ਕੇਸ ਸੀ, ਜੋ ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਵੱਲੋਂ ਦਰਜ ਕਰਵਾਇਆ ਸੀ।
ਦਰਅਸਲ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਲਾਲ ਕਿਲ੍ਹੇ ਨੂੰ ਹੋਏ ਨੁਕਸਾਨ ਨੂੰ ਲੈ ਕੇ ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ। ਇਸ ਮਾਮਲੇ ਸਬੰਧੀ ਦੀਪ ਸਿੱਧੂ ਵੱਲੋਂ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ ਜਿਸ ਨੂੰ ਅੱਜ ਕੋਰਟ ਨੇ ਮਨਜ਼ੂਰ ਕਰ ਲਿਆ ਗਿਆ ਤੇ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ।
ਲਾਲ ਕਿਲ੍ਹਾ ਦੀ ਹਿੰਸਾ ਨੂੰ ਲੈ ਕੇ ਹੋਈ ਐਫਆਈਆਰ 'ਚ ਜ਼ਮਾਨਤ ਮਿਲਣ ਦੇ ਬਾਅਦ 17 ਅਪ੍ਰੈਲ ਨੂੰ ਸਿੱਧੂ 'ਤੇ ਏਐਸਆਈ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ। ਸਿੱਧੂ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਪਹਿਲੀ ਵਾਰ 9 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।