ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਚੋਣਾਂ ਨਾਲ ਜੁੜੀ ਇੱਕ ਖ਼ਬਰ ਆਈ ਹੈ। ਦਿੱਲੀ ਚੋਣ ਨਤੀਜਿਆਂ ਤੋਂ ਪਹਿਲਾਂ ਬੀਜੇਪੀ 'ਚ ਦੇਰ ਰਾਤ ਤਿੰਨ ਵਜੇ ਤੱਕ ਇੱਕ ਵੱਡੀ ਬੈਠਕ ਕੀਤੀ ਗਈ। ਇਸ 'ਚ ਬੀਜੇਪੀ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾਰੀ ਸ਼ਾਮਲ ਸੀ। ਮੀਟਿੰਗ 'ਚ ਦਿੱਲੀ ਦੀ ਇੱਕ-ਇੱਕ ਸੀਟ 'ਤੇ ਸਮੀਖਿਆ ਕੀਤੀ ਗਈ।


ਦਸ ਦਈਏ ਕਿ ਦਿੱਲੀ 'ਚ ਚੋਣਾਂ ਹੋਣ ਤੋਂ ਬਾਅਦ ਤਕਰੀਬਨ ਸਾਰੇ ਐਗਜ਼ਿਟ ਪੋਲਾਂ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਐਗਜ਼ਿਟ ਪੋਲ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਪੂਰੇ ਕੌਨਫੀਡੈਂਸ 'ਚ ਦਿਖ ਰਹੀ ਹੈ ਤਾਂ ਉੱਥੇ ਹੀ ਬੀਜੇਪੀ ਐਗਜ਼ਿਟ ਪੋਲ ਦੇ ਉਲਟ ਨਤੀਜੇ ਆਉਣ ਦੀ ਗੱਲ ਕਰ ਰਹੀ ਹੈ। ਬੀਜੇਪੀ ਨੂੰ ਤਾਂ ਇੱਥੋਂ ਤੱਕ ਲੱਗ ਰਿਹਾ ਹੈ ਕਿ 11 ਫਰਵਰੀ ਨੂੰ ਦਿੱਲੀ 'ਚ ਉਨ੍ਹਾਂ ਦੀ ਸਰਕਾਰ ਬਣੇਗੀ।

ਏਬੀਪੀ ਨਿਊਜ਼-ਸੀ ਵੋਟਰ ਦੇ ਐਗਜ਼ਿਟ ਪੋਲ 'ਚ ਦਿੱਲੀ ਦੀਆਂ ਕੁੱਲ 70 ਵਿਧਾਨ ਸਭਾ ਸੀਟਾਂ 'ਚੋਂ ਆਮ ਆਦਮੀ ਪਾਰਟੀ ਨੂੰ 51 ਤੋਂ 65 ਸੀਟਾਂ, ਬੀਜੇਪੀ ਨੂੰ 3 ਤੋਂ 17 ਤੇ ਕਾਂਗਰਸ ਨੂੰ 0 ਤੋਂ 3 ਸੀਟਾਂ ਮਿਲਣ ਦੀ ਸੰਭਾਵਨਾ ਹੈ।