ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ 'ਚ ਹੁਣ ਕੋਰੋਨਾ ਦਾ ਕਹਿਰ ਬਹੁਤ ਘਟ ਗਿਆ ਹੈ। ਇਸ ਦੇ ਮੱਦੇਨਜ਼ਰ, ਲੌਕਡਾਊਨ ਖੋਲ੍ਹਣ (UNLOCK) ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਭਲਕੇ ਸੋਮਵਾਰ ਤੋਂ ਖੁੱਲ੍ਹ ਜਾਣਗੇ; ਭਾਵੇਂ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ।

 

ਦਿੱਲੀ ਵਿੱਚ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, "ਕੱਲ੍ਹ ਸਵੇਰੇ 5 ਵਜੇ ਤੋਂ ਬਾਅਦ, ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ। ਕੱਲ ਤੋਂ ਬਾਜ਼ਾਰ ਖੋਲ੍ਹਣ ਲਈ ਔਡ–ਈਵਨ ਪ੍ਰਣਾਲੀ ਵੀ ਲਾਗੂ ਨਹੀਂ ਹੋਵੇਗੀ। ਸਵੇਰੇ 9 ਵਜੇ ਤੋਂ ਸ਼ਾਮ ਤਕ 50 ਪ੍ਰਤੀਸ਼ਤ ਸਮਰੱਥਾ ਵਾਲੇ ਨਿੱਜੀ ਦਫਤਰ ਸ਼ਾਮੀਂ ਪੰਜ ਵਜੇ ਤੱਕ ਕੰਮ ਕਰਨਗੇ।"

 

ਬਾਜ਼ਾਰ, ਮਾਲ ਤੇ ਮਾਰਕੀਟ ਕੰਪਲੈਕਸਾਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹ ਸਕਦੀਆਂ ਹਨ। ਰੈਸਟੋਰੈਂਟ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਨਾਲ ਕੰਮ ਕਰਨਗੇ। ਹਫਤਾਵਾਰੀ ਮਾਰਕੀਟ ਦੀ ਆਗਿਆ ਦਿੱਤੀ ਜਾ ਰਹੀ ਹੈ ਪਰ ਇੱਕ ਇੱਕ ਜ਼ੋਨ ਵਿੱਚ ਇੱਕ ਦਿਨ ਵਿੱਚ ਸਿਰਫ ਇੱਕ ਹਫਤਾਵਾਰੀ ਬਾਜ਼ਾਰ ਦੀ ਹੀ ਆਗਿਆ ਹੋਵੇਗੀ। ਵਿਆਹ 20 ਵਿਅਕਤੀਆਂ ਨਾਲ ਘਰ ਜਾਂ ਕੋਰਟ ਵਿਚ ਹੋ ਸਕਦੇ ਹਨ। ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ ਪਰ ਸ਼ਰਧਾਲੂਆਂ ਨੂੰ ਆਗਿਆ ਨਹੀਂ ਦਿੱਤੀ ਜਾਏਗੀ।"

 

ਮੁੱਖ ਮੰਤਰੀ ਨੇ ਕਿਹਾ, ਸਕੂਲ-ਕਾਲਜ, ਵਿਦਿਅਕ ਸੰਸਥਾਵਾਂ, ਸਮਾਜਿਕ, ਰਾਜਨੀਤਕ, ਖੇਡਾਂ, ਮਨੋਰੰਜਨ, ਸਭਿਆਚਾਰਕ, ਧਾਰਮਿਕ ਇਕੱਠਾਂ, ਸਵਿਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ, ਥੀਏਟਰ, ਮਨੋਰੰਜਨ ਪਾਰਕ, ਬੈਂਕੁਵੇਟ ਹਾਲ, ਆਡੀਟੋਰੀਅਮ, ਸਪਾ, ਜਿਮ, ਪਬਲਿਕ ਪਾਰਕ ਤੇ ਗਾਰਡਨ ਫਿਲਹਾਲ ਪੂਰੀ ਤਰ੍ਹਾਂ ਬੰਦ ਰਹਿਣਗੇ।

 

ਕੌਮੀ ਰਾਜਧਾਨੀ ਵਿਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ, ਸਰਕਾਰ ਨੇ 31 ਮਈ ਤੋਂ ਨਿਰਮਾਣ ਕਾਰਜਾਂ ਅਤੇ ਫੈਕਟਰੀਆਂ ਨੂੰ ਪੜਾਅਵਾਰ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ, ਲੌਕਡਾਊਨ ਅਧੀਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਸੀ। ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 213 ਨਵੇਂ ਕੇਸ ਸਾਹਮਣੇ ਆਏ ਅਤੇ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਅਨੁਸਾਰ, ਲਾਗ ਦੀ ਦਰ 0.3 ਪ੍ਰਤੀਸ਼ਤ ਤੇ ਆ ਗਈ ਹੈ।